ਮ੍ਰਿਤਕ ਦੇਹ ਸੰਭਾਲ ਕੇਂਦਰ ਸਮਾਜ ਲਈ ਵੱਡੀ ਸੇਵਾ : ਸਪੀਕਰ ਸੰਧਵਾਂ
ਸ਼ਾਂਤੀਵਣ ਮ੍ਰਿਤਕ ਦੇਹ ਸੰਭਾਲ ਕੇਂਦਰ ਸਮਾਜ ਲਈ ਵੱਡੀ ਸੇਵਾ ਤੇ ਸਮੇਂ ਦੀ ਲੋੜ: ਸਪੀਕਰ ਸੰਧਵਾਂ
Publish Date: Sun, 10 May 2026 04:01 PM (IST)
Updated Date: Mon, 11 May 2026 04:00 AM (IST)

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫ਼ਰੀਦਕੋਟ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਗੁਰੂ ਤੇਗ ਬਹਾਦਰ ਨਗਰ ਸ਼ਮਸ਼ਾਨ ਘਾਟ ਫ਼ਰੀਦਕੋਟ ਵਿਖੇ ਸ਼ਾਂਤੀਵਣ ਮ੍ਰਿਤਕ ਦੇਹ ਸੰਭਾਲ ਕੇਂਦਰ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਬਾਬਾ ਫਰੀਦ ਜੀ ਦੀ ਬਖ਼ਸ਼ੀ ਹੋਈ ਇਸ ਪਵਿੱਤਰ ਧਰਤੀ ਦੇ ਲੋਕਾਂ ਵਿੱਚ ਪਿਆਰ, ਸਹਿਯੋਗ ਅਤੇ ਸੇਵਾ ਦੀ ਭਾਵਨਾ ਹਮੇਸ਼ਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੀ ਸਿੱਖਿਆ ਸਾਨੂੰ ਲੋਕ ਭਲਾਈ ਦੇ ਕੰਮ ਕਰਨ ਅਤੇ ਸਹੀ ਰਸਤੇ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਿਰਫ਼ ਪੰਜਾਬ ਦੀ ਧਰਤੀ ਤੱਕ ਸੀਮਿਤ ਨਹੀਂ ਰਿਹਾ, ਸਗੋਂ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਵੱਸਦੇ ਹਨ। ਅਜਿਹੇ ਸਮੇਂ ਵਿੱਚ ਜਦੋਂ ਕਿਸੇ ਪਰਿਵਾਰ ਵਿੱਚ ਦੁੱਖਦਾਈ ਘਟਨਾ ਵਾਪਰਦੀ ਹੈ ਤਾਂ ਪਰਿਵਾਰਕ ਮੈਂਬਰਾਂ ਨੂੰ ਇਕੱਠੇ ਹੋਣ ਵਿੱਚ ਸਮਾਂ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਸ਼ਾਂਤੀਵਣ ਮ੍ਰਿਤਕ ਦੇਹ ਸੰਭਾਲ ਕੇਂਦਰ ਵਰਗਾ ਉਪਰਾਲਾ ਸਮਾਜ ਲਈ ਬਹੁਤ ਵੱਡੀ ਸਹੂਲਤ ਸਾਬਤ ਹੋਵੇਗਾ। ਸਪੀਕਰ ਸੰਧਵਾਂ ਨੇ ਕਿਹਾ ਕਿ ਬਾਬਾ ਫਰੀਦ ਸੁਸਾਇਟੀ ਸਰੀ ਕੈਨੇਡਾ ਵੱਲੋਂ ਇਸ ਪ੍ਰੋਜੈਕਟ ਲਈ ਦਿੱਤਾ ਗਿਆ ਸਹਿਯੋਗ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਭਰਾਵਾਂ ਨੇ ਵੀ ਆਪਣੀ ਮਿੱਟੀ ਨਾਲ ਜੁੜੇ ਰਹਿੰਦੇ ਹੋਏ ਇਹ ਵੱਡਾ ਉਪਰਾਲਾ ਕੀਤਾ ਹੈ, ਜਿਸ ਲਈ ਉਹ ਸਮੂਹ ਫ਼ਰੀਦਕੋਟ ਵਾਸੀਆਂ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਥਾਨਕ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵੀ ਇਸ ਕਾਰਜ ਨੂੰ ਸਫ਼ਲ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ। ਇਹ ਉਪਰਾਲਾ ਸਮੇਂ ਦੀ ਲੋੜ ਹੈ ਅਤੇ ਸਮਾਜ ਦੇ ਹਰ ਵਰਗ ਲਈ ਲਾਭਕਾਰੀ ਸਾਬਤ ਹੋਵੇਗਾ। ਇਸ ਮੌਕੇ ਵਿਧਾਇਕ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਪੰਜਾਬੀ ਭਾਈਚਾਰਾ ਦੁਨੀਆ ਭਰ ਵਿੱਚ ਵੱਸਦਾ ਹੋਇਆ ਵੀ ਆਪਣੀਆਂ ਜੜ੍ਹਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਦੁੱਖ ਦੀ ਘੜੀ ਵਿੱਚ ਪਰਿਵਾਰਾਂ ਲਈ ਵੱਡੀ ਸਹੂਲਤ ਬਣੇਗਾ। ਉਨ੍ਹਾਂ ਸਮੂਹ ਫ਼ਰੀਦਕੋਟ ਵਾਸੀਆਂ ਅਤੇ ਸਹਿਯੋਗੀ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਨਵਦੀਪ ਸਿੰਘ ਬੱਬੂ ਬਰਾੜ, ਨਰਿੰਦਰ ਸਿੰਘ ਨਿੰਦਾ, ਮੱਘਰ ਸਿੰਘ ਖਾਲਸਾ, ਕੈਪਟਨ ਧਰਮ ਸਿੰਘ, ਅਸ਼ੋਕ ਚਾਵਲਾ, ਪ੍ਰੋਫੈਸਰ ਜਤਿੰਦਰ ਸਿੰਘ, ਇੰਦਰਜੀਤ ਸਿੰਘ ਖੀਵਾ, ਅਸ਼ੋਕ ਜੈਨ, ਸੁਰੇਸ਼ ਅਰੋੜਾ, ਰਜਿੰਦਰ ਦਾਸ ਰਿੰਕੂ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।