ਇੱਕੋ ਹੀ ਹਨ ਸ਼ੰਕਰ ਜੀ ਅਤੇ ਹਨੂੰਮਾਨ ਜੀ : ਸੁਆਮੀ ਕਮਲਾਨੰਦ ਗਿਰੀ
ਇੱਕੋ ਹੀ ਹਨ ਸ਼ੰਕਰ ਜੀ ਅਤੇ ਹਨੂੰਮਾਨ ਜੀ : ਸੁਆਮੀ ਕਮਲਾਨੰਦ ਗਿਰੀ
Publish Date: Sun, 03 May 2026 05:53 PM (IST)
Updated Date: Mon, 04 May 2026 04:11 AM (IST)

-ਸ੍ਰੀ ਰਾਮ ਭਵਨ ’ਚ ਪੰਜ ਰੋਜ਼ਾ ਸ੍ਰੀ ਸੁੰਦਰ ਕਾਂਡ ਅਤੇ ਪ੍ਰਵਚਨ ਪ੍ਰੋਗਰਾਮ ਦਾ ਚੌਥਾ ਦਿਨ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸੁਆਮੀ ਕਮਲਾਨੰਦ ਗਿਰੀ ਨੇ ਵੀਰ ਹਨੂੰਮਾਨ ਜੀ ਦੀ ਚਾਰੇ ਯੁੱਗਾਂ ’ਚ ਮਹਿਮਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਸ਼ੰਕਰ ਸੁਮਨ ਕੇਸਰੀ ਨੰਦਨ ਅਰਥਾਤ ਸ਼ੰਕਰ ਜੀ ਹੀ ਖੁਦ ਕੇਸਰੀਨੰਦਨ ਹਨ। ਇਸ ਲਈ ਸ਼ੰਕਰ ਜੀ ਸਿਰਫ਼ ਚਾਰਾਂ ਯੁੱਗਾਂ ਦੀ ਸ਼ਕਤੀ ਨਹੀਂ ਹਨ, ਸਗੋਂ ਇਹ ਚਤੁਰਯੁੱਗ ਕਈ ਵਾਰ ਬੀਤ ਚੁੱਕਿਆ ਹੈ, ਉਦੋਂ ਤੋਂ ਸ਼ੰਕਰ ਜੀ ਹਨ। ਬ੍ਰਹਮਾ ਜੀ ਦੇ ਮਾਤਾ-ਪਿਤਾ ਹਨ। ਵਿਸ਼ਨੂੰ ਜੀ ਦੇ ਮਾਤਾ-ਪਿਤਾ ਹਨ। ਸ਼ੰਕਰ ਜੀ ਦੇ ਮਾਤਾ-ਪਿਤਾ ਕੌਣ ਹਨ? ਬ੍ਰਹਮਾ ਜੀ ਦੇਵ ਹਨ, ਵਿਸ਼ਨੂੰ ਜੀ ਦੇਵ ਹਨ, ਪਰ ਸ਼ੰਕਰ ਜੀ ਮਹਾਦੇਵ ਹਨ, ਜੇਕਰ ਸ਼ੰਕਰ ਜੀ ਮਹਾਦੇਵ ਹਨ, ਮਤਲਬ ਆਪ ਹੀ ਮਹਾਦੇਵ ਹਨ, ਤਾਂ ਇਨ੍ਹਾਂ ਤੋਂ ਮਹਾਨ, ਇਨ੍ਹਾਂ ਤੋਂ ਵੱਡਾ ਹੋਰ ਕੋਈ ਨਹੀਂ ਹੋ ਸਕਦਾ। ਇਸ ਲਈ ਸ਼ੰਕਰ ਜੀ ਤੇ ਹਨੂੰਮਾਨ ਜੀ ਇੱਕ ਹੀ ਹਨ। ਇਸ ਲਈ ਸਿਰਫ਼ ਚਾਰਾਂ ਯੁੱਗਾਂ ’ਚ ਹੀ ਨਹੀਂ, ਸਗੋਂ ਹਰ ਯੁੱਗ ਵਿੱਚ ਸ਼ੰਕਰ ਜੀ ਹੀ ਸ੍ਰੀ ਹਨੂੰਮਾਨ ਜੀ ਦੇ ਰੂਪ ਵਿੱਚ ਇਸ ਸ੍ਰਿਸ਼ਟੀ ਵਿੱਚ ਆਪਣੀ ਲੀਲਾ ਕਰ ਰਹੇ ਹਨ। ਜਗਤ ਦਾ ਕਲਿਆਣ ਕਰ ਰਹੇ ਹਨ। ਮਹਾਮੰਡਲੇਸ਼ਵਰ ਸੁਆਮੀ ਕਮਲਾਨੰਦ ਗਿਰੀ ਨੇ ਇਹ ਵਿਚਾਰ ਸ੍ਰੀ ਰਾਮ ਭਵਨ ਵਿਖੇ ਆਯੋਜਿਤ ਪੰਜ ਰੋਜ਼ਾ ਸ੍ਰੀ ਸੁੰਦਰ ਕਾਂਡ ਅਤੇ ਪ੍ਰਵਚਨ ਪ੍ਰੋਗਰਾਮ ਤਹਿਤ ਐਤਵਾਰ ਨੂੰ ਸ਼ਰਧਾਲੂਆਂ ਦੇ ਵਿਸ਼ਾਲ ਇਕੱਠ ਦੇ ਸਾਹਮਣੇ ਪ੍ਰਗਟ ਕੀਤੇ। ਚੌਥੇ ਦਿਨ ਸ੍ਰੀ ਸੁੰਦਰ ਕਾਂਡ ਦੇ ਪਾਠਾਂ ਦੇ ਯਜਮਾਨ ਰੁਦਰ-ਵਿਰਾਜ ਪਰਿਵਾਰ ਰਿਹਾ। ਮੰਦਰ ਦਾ ਵਿਹੜਾ ਭਗਵਾਨ ਸ੍ਰੀ ਰਾਮ ਚੰਦਰ ਅਤੇ ਵੀਰ ਹਨੂੰਮਾਨ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮਹਾਰਾਜ ਜੀ ਨੇ ਕਿਹਾ ਕਿ ਇਸ ਕਲਯੁੱਗ ਵਿੱਚ ਪ੍ਰਤੱਖ ਦੇਵਤਾ ਹਨੂੰਮਾਨ ਜੀ ਹਨ। ਹਰ ਸ਼ਹਿਰ ਵਿੱਚ ਹਨੂੰਮਾਨ ਜੀ ਦੇ ਵੱਖ-ਵੱਖ ਸਰੂਪਾਂ ਚ ਮੰਦਰ ਬਣੇ ਹੋਏ ਹਨ। ਕਿਤੇ ਸਾਲਾਸਰ ਧਾਮ ਦੇ ਰੂਪ ਵਿੱਚ ਤਾਂ ਕਿਤੇ ਮਹਿੰਦੀਪੁਰ ਧਾਮ ਦੇ ਰੂਪ ਵਿੱਚ, ਇਸੇ ਤਰ੍ਹਾਂ ਹਨੂੰਮਾਨ ਜੀ ਦੇ ਮੰਦਰ ਹਰ ਜਗ੍ਹਾ ਹਨ। ਭਗਵਾਨ ਸ੍ਰੀ ਰਾਮ ਜੀ ਦੇ ਇੰਨੇ ਮੰਦਰ ਨਹੀਂ ਹੋਣਗੇ, ਜਿੰਨੇ ਵੀਰ ਹਨੂੰਮਾਨ ਜੀ ਦੇ ਹਨ। ਕਲਯੁੱਗ ਵਿੱਚ ਸ੍ਰੀ ਰਾਮ ਜੀ ਦੀ ਪੂਜਾ ਹੁੰਦੀ ਹੈ, ਪਰ ਰਾਮ ਜੀ ਦੀ ਓਨੀ ਪੂਜਾ ਨਹੀਂ ਹੁੰਦੀ ਜਿੰਨੀ ਉਨ੍ਹਾਂ ਦੇ ਪਰਮ ਭਗਤ ਹਨੂੰਮਾਨ ਜੀ ਦੀ ਹੁੰਦੀ ਹੈ। ਇਹ ਸਭ ਭਗਤੀ ਦਾ ਹੀ ਪ੍ਰਤਾਪ ਹੈ। ਸੁਆਮੀ ਜੀ ਨੇ ਕਿਹਾ ਕਿ ਭਗਵਾਨ ਸੱਚ ਹੈ ਅਤੇ ਸੰਸਾਰ ਝੂਠਾ ਹੈ। ਪਰ ਅੱਜ ਮਨੁੱਖ ਸੰਸਾਰ ਨੂੰ ਹੀ ਸੱਚ ਮੰਨ ਕੇ ਬੈਠਾ ਹੈ। ਸਭ ਕੁਝ ਜਾਣਦੇ ਹੋਏ ਵੀ ਸੱਤ ਸਰੂਪ ਭਗਵਾਨ ਨੂੰ ਪਿਆਰ ਕਰਨ ਦੀ ਬਜਾਏ ਝੂਠੇ ਸੰਸਾਰਕ ਬੰਧਨਾਂ ਵਿੱਚ ਬੱਝਿਆ ਪਿਆ ਹੈ। ਉਸੇ ਨਾਲ ਮੋਹ ਕਰ ਰਿਹਾ ਹੈ। ਅੱਜ ਦੇ ਮਨੁੱਖ ਨੇ ਸੰਸਾਰ ਵਿੱਚ ਹੀ ਉਲਝ ਕੇ ਜੀਵਨ ਨੂੰ ਬਰਬਾਦ ਕਰ ਲਿਆ ਹੈ। ਦੱਸ ਦੇਈਏ ਕਿ 04 ਮਈ ਨੂੰ ਮਹਾਰਾਜ ਜੀ ਆਪਣੀ ਸੇਵਕ ਮੰਡਲੀ ਸਮੇਤ ਸਵੇਰੇ ਅੱਠ ਵਜੇ ਮੁਕਤਸਰ ਤੋਂ ਕਪੂਰਥਲਾ ਲਈ ਰਵਾਨਾ ਹੋ ਜਾਣਗੇ। 04 ਅਤੇ 05 ਮਈ ਨੂੰ ਸ੍ਰੀ ਸਨੇਹ ਬਿਹਾਰੀ ਮੰਦਰ ਜਲੌਅ ਖਾਨਾ ਕੰਪਲੈਕਸ ਕਪੂਰਥਲਾ ਵਿੱਚ ਪ੍ਰਵਾਸ ਤੋਂ ਬਾਅਦ, ਮਹਾਰਾਜ ਜੀ 06 ਮਈ ਨੂੰ ਸਵੇਰੇ 08:00 ਵਜੇ ਅੰਬਾਲਾ ਲਈ ਰਵਾਨਾ ਹੋਣਗੇ।