ਆਈਟੀਆਈ ’ਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ
ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ
Publish Date: Sat, 02 May 2026 04:05 PM (IST)
Updated Date: Sun, 03 May 2026 04:05 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਤੋਂ ਬਚਾਉਣ ਅਤੇ ਉਨ੍ਹਾਂ ਵਿਚ ਸਚੇਤ ਨਾ ਪੈਦਾ ਕਰਨ ਦੇ ਮਕਸਦ ਨਾਲ ਐੱਸਐੱਫਸੀ ਆਈਟੀਆਈ, ਜਲਾਲਾਬਾਦ ਈਸਟ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਅਤੇ ਕਵਿਜ਼ ਮੁਕਾਬਲੇ ਦਾ ਵਿਸ਼ਾਲ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਜਾਣਕਾਰੀਪ੍ਰਦ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ, ਜਿਸ ਦੌਰਾਨ ਉਨ੍ਹਾਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਮਨਜਿੰਦਰ ਸਿੰਘ ਸੇਖੋਂ ਦੇ ਸੰਬੋਧਨ ਨਾਲ ਹੋਈ। ਆਪਣੇ ਵਿਚਾਰਾਂ ਵਿਚ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨਸ਼ੇ ਇਕ ਗੰਭੀਰ ਸਮਾਜਿਕ ਬਿਮਾਰੀ ਦਾ ਰੂਪ ਧਾਰ ਚੁੱਕੇ ਹਨ, ਜੋ ਖ਼ਾਸ ਕਰਕੇ ਨੌਜਵਾਨ ਵਰਗ ਨੂੰ ਆਪਣੀ ਲਪੇਟ ਵਿਚ ਲੈ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਬੇਰੋਜ਼ਗਾਰੀ, ਗਲਤ ਸੰਗਤ, ਪਰਿਵਾਰਕ ਤਣਾਅ ਅਤੇ ਨੈਤਿਕ ਮੂਲਿਆਂ ਦੀ ਘਾਟ ਨਸ਼ਿਆਂ ਵੱਲ ਵਧਣ ਦੇ ਮੁੱਖ ਕਾਰਨ ਹਨ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਨਸ਼ਿਆਂ ਨਾਲ ਸਬੰਧਤ ਵੱਖ-ਵੱਖ ਪ੍ਰਸ਼ਨਾਂ ਦੇ ਜਵਾਬ ਦੇ ਕੇ ਆਪਣੀ ਸਚੇਤਤਾ ਦਾ ਪ੍ਰਗਟਾਵਾ ਕੀਤਾ। ਸਮਾਪਨ ਸਮਾਰੋਹ ਦੌਰਾਨ ਸਾਰੇ ਵਿਦਿਆਰਥੀਆਂ ਨੇ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਸ਼ਪਥ ਲਈ ਅਤੇ ਇਹ ਵਚਨ ਦਿੱਤਾ ਕਿ ਉਹ ਆਪਣੇ ਜੀਵਨ ਵਿੱਚ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਹੋਰਨਾਂ ਨੂੰ ਵੀ ਇਸ ਤੋਂ ਬਚਣ ਲਈ ਪ੍ਰੇਰਿਤ ਕਰਨਗੇ। ਪ੍ਰਿੰਸੀਪਲ ਸੇਖੋਂ ਨੇ ਵਿਦਿਆਰਥੀਆਂ ਨੂੰ ਖੇਡਾਂ, ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਵੱਲ ਰੁਝਾਣ ਬਣਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਕਾਰਾਤਮਕ ਗਤੀਵਿਧੀਆਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੀਆਂ ਹਨ। ਇਸ ਮੌਕੇ ਐੱਸਐੱਫਸੀ ਗਰੁੱਪ ਦੇ ਸੀਐੱਮਡੀ ਐਡਵੋਕੇਟ ਅਭਿਸ਼ੇਕ ਜਿੰਦਲ ਅਤੇ ਫਸਟ ਲੇਡੀ ਮਿਸਿਜ਼ ਸ਼ੀਨਮ ਜਿੰਦਲ ਨੇ ਵੀ ਸੰਸਥਾ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਵਿਚ ਮਦਦਗਾਰ ਸਾਬਤ ਹੁੰਦੇ ਹਨ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮੁੱਚੇ ਤੌਰ ‘ਤੇ ਇਹ ਪ੍ਰੋਗਰਾਮ ਵਿਦਿਆਰਥੀਆਂ ਵਿਚ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਮਜ਼ਬੂਤ ਸੰਦੇਸ਼ ਦੇਣ ਵਿਚ ਕਾਮਯਾਬ ਰਿਹਾ।