ਗੁਰੂਹਰਸਹਾਏ ਰੋਡ ’ਤੇ ਹਾਦਸਿਆਂ ਦਾ ਸਿਲਸਿਲਾ ਜਾਰੀ
ਗੁਰੂਹਰਸਹਾਏ ਰੋਡ ’ਤੇ ਹਾਦਸਿਆਂ ਦਾ ਸਿਲਸਿਲਾ ਜਾਰੀ
Publish Date: Fri, 15 May 2026 03:16 PM (IST)
Updated Date: Fri, 15 May 2026 03:18 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਗੁਰੂਹਰਸਹਾਏ ਰੋਡ ’ਤੇ ਸਫ਼ਰ ਕਰਨਾ ਹੁਣ ਜਾਨ ਜ਼ੋਖਮ ’ਚ ਪਾਉਣ ਵਰਗਾ ਹੋ ਗਿਆ ਹੈ। ਲੰਬੇ ਸਮੇਂ ਤੋਂ ਸੜਕ ’ਤੇ ਪਏ ਵੱਡੇ-ਵੱਡੇ ਟੋਏ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ। ਦੋਪਹੀਆ ਵਾਹਨ ਚਾਲਕਾਂ ਦਾ ਲੰਘਣਾ ਤਾਂ ਦੁੱਭਰ ਹੋ ਗਿਆ ਹੈ। ਹਾਲਾਤ ਇਹ ਹਨ ਕਿ ਆਏ ਦਿਨ ਹਾਦਸੇ ਹੋ ਰਹੇ ਹਨ, ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਹੋਰ ਕਿੰਨੀਆਂ ਜਾਨਾਂ ਜਾਣ ਤੋਂ ਬਾਅਦ ਸੜਕ ਬਣੇਗੀ? ਦੋ ਮਹੀਨੇ ਪਹਿਲਾਂ ਇੱਥੇ ਪਾਈਪਲਾਈਨ ਵਿਛਾਉਣ ਲਈ ਕਈ ਥਾਵਾਂ ਤੋਂ ਸੜਕ ਪੁੱਟੀ ਗਈ ਸੀ। ਖੁਦਾਈ ਤੋਂ ਬਾਅਦ ਕਿਨਾਰਿਆਂ ’ਤੇ ਮਿੱਟੀ ਪਾ ਕੇ ਛੱਡ ਦਿੱਤਾ ਗਿਆ, ਜਿਸ ਨਾਲ ਸੜਕ ਹੋਰ ਵੀ ਖ਼ਤਰਨਾਕ ਹੋ ਗਈ ਹੈ। ਸ਼ੁੱਕਰਵਾਰ ਸਵੇਰੇ ਕਰੀਬ ਅੱਠ ਵਜੇ ਇਸੇ ਲਾਪਰਵਾਹੀ ਨੇ ਇੱਕ ਵਿਦਿਆਰਥੀ ਦੀ ਜਾਨ ਲੈ ਲਈ। ਦੋ ਵਿਦਿਆਰਥੀ ਸਕੂਟੀ ’ਤੇ ਜਾ ਰਹੇ ਸਨ। ਡੂੰਘੇ ਟੋਏ ਕਾਰਨ ਸਕੂਟੀ ਬੇਕਾਬੂ ਹੋ ਕੇ ਡਿੱਗ ਗਈ। ਦੋਵੇਂ ਵਿਦਿਆਰਥੀ ਸੜਕ ’ਤੇ ਡਿੱਗ ਪਏ, ਉਦੋਂ ਹੀ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਇੱਕ ਵਿਦਿਆਰਥੀ ਨੂੰ ਕੁਚਲ ਦਿੱਤਾ। ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਸਥਾਨਕ ਨਿਵਾਸੀ ਰਣਜੀਤ ਸਿੰਘ ਦੱਸਦੇ ਹਨ ਕਿ ਗੁਰੂਹਰਸਹਾਏ ਰੋਡ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਹਰ 10 ਕਦਮਾਂ ’ਤੇ ਟੋਏ ਹਨ। ਪਿਛਲੇ ਹਫ਼ਤੇ ਵੀ ਇੱਕ ਬਾਈਕ ਸਵਾਰ ਟੋਏ ਕਾਰਨ ਡਿੱਗ ਗਿਆ ਅਤੇ ਉਸ ਦੀ ਲੱਤ ਟੁੱਟ ਗਈ। ਵਾਹਨਾਂ ਦਾ ਨੁਕਸਾਨ ਹੋਣਾ ਤਾਂ ਰੋਜ਼ ਦੀ ਗੱਲ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸ਼ਿਕਾਇਤਾਂ ਦੇ ਬਾਵਜੂਦ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਲੋਕਾਂ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈ ਰਹੀ ਹੈ। ਲਗਾਤਾਰ ਹੋ ਰਹੇ ਹਾਦਸਿਆਂ ਕਾਰਨ ਲੋਕਾਂ ’ਚ ਭਾਰੀ ਰੋਸ ਹੈ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ ਉਹ ਅੰਦੋਲਨ ਕਰਨਗੇ। ਲੋਕਾਂ ਦੀ ਇੱਕੋ-ਇੱਕ ਮੰਗ ਹੈ ਕਿ ਇਸ ਜਾਨਲੇਵਾ ਸੜਕ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਹੋਰ ਕਿਸੇ ਘਰ ਦਾ ਚਿਰਾਗ ਨਾ ਬੁੱਝੇ।