ਸਨਸਨੀਖੇਜ਼: ਖੜ੍ਹੀ ਕਾਰ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਇਲਾਕੇ ’ਚ ਫੈਲੀ ਦਹਿਸ਼ਤ
ਸੋਮਵਾਰ ਨੂੰ ਮੋਗਾ ਸ਼ਹਿਰ ਵਿੱਚ ਥਾਣਾ ਸਿਟੀ-2 ਦੇ ਅਧੀਨ ਆਉਂਦੇ ਇਲਾਕੇ ਕੋਟਕਪੂਰਾ ਰੋਡ ’ਤੇ ਪੁੱਲ ਥੱਲੇ, ਪ੍ਰੇਮ ਦੀ ਚੱਕੀ ਨੇੜੇ ਖੜੀ ਇਕ ਕਾਰ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਅਤੇ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
Publish Date: Mon, 27 Apr 2026 12:23 PM (IST)
Updated Date: Mon, 27 Apr 2026 12:26 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ। ਸੋਮਵਾਰ ਨੂੰ ਮੋਗਾ ਸ਼ਹਿਰ ਵਿੱਚ ਥਾਣਾ ਸਿਟੀ-2 ਦੇ ਅਧੀਨ ਆਉਂਦੇ ਇਲਾਕੇ ਕੋਟਕਪੂਰਾ ਰੋਡ ’ਤੇ ਪੁੱਲ ਥੱਲੇ, ਪ੍ਰੇਮ ਦੀ ਚੱਕੀ ਨੇੜੇ ਖੜੀ ਇਕ ਕਾਰ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਅਤੇ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ, ਸਥਾਨਕ ਲੋਕਾਂ ਨੇ ਕਾਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਇਕ ਵਿਅਕਤੀ ਨੂੰ ਪਿਆ ਦੇਖਿਆ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਹਾਲਾਂਕਿ ਮ੍ਰਿਤਕ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ।
ਇਸ ਦੌਰਾਨ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਆਪਣੀ ਸੇਵਾ ਨਿਭਾਈ। ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਮ੍ਰਿਤਕ ਦੇ ਸਰੀਰ ਨੂੰ ਸਿਵਲ ਹਸਪਤਾਲ ਮੋਗਾ ਦੀ ਮੌਰਚਰੀ ’ਚ ਭੇਜਿਆ ਗਿਆ, ਜਿੱਥੇ ਇਸਨੂੰ 72 ਘੰਟਿਆਂ ਲਈ ਸ਼ਨਾਖਤ ਵਾਸਤੇ ਰੱਖਿਆ ਗਿਆ ਹੈ।
ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਦੇ ਇਲਾਕਿਆਂ ’ਚ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਮ੍ਰਿਤਕ ਦੀ ਪਛਾਣ ਹੋ ਸਕੇ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।