ਸੀਨੀਅਰ ਸਿਟੀਜ਼ਨ ਮੰਚ ਦਾ ਕੀਤਾ ਗਠਨ
ਮੋਗਾ ਸ਼ਹਿਰ ਵਿਚ ਸੀਨੀਅਰ
Publish Date: Thu, 21 May 2026 05:23 PM (IST)
Updated Date: Fri, 22 May 2026 04:07 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਸ਼ਹਿਰ ਵਿਚ ਸੀਨੀਅਰ ਸਿਟੀਜ਼ਨਾਂ ਦੀ ਭਲਾਈ, ਸਨਮਾਨ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਇਕ ਹੋਰ ਨਵੀਂ ਸਮਾਜਿਕ ਸੰਸਥਾ ਸੀਨੀਅਰ ਸਿਟੀਜਨ ਮੰਚ ਦੇ ਨਾਮ ਹੇਠ ਵਿਧੀਵਤ ਤੌਰ ’ਤੇ ਸ਼ੁਰੂਆਤ ਕਰ ਦਿੱਤੀ ਗਈ ਹੈ। ਸ਼ਹਿਰ ਵਿਚ ਪਹਿਲਾਂ ਤੋਂ ਤਿੰਨ ਸੰਸਥਾਵਾਂ ਸੀਨੀਅਰ ਸਿਟੀਜ਼ਨਾਂ ਲਈ ਕੰਮ ਕਰ ਰਹੀਆਂ ਹਨ ਪਰ ਹੁਣ ਇਸ ਨਵੇਂ ਮੰਚ ਦੇ ਬਣਨ ਨਾਲ ਵੱਡੀ ਉਮਰ ਦੇ ਲੋਕਾਂ ਨੂੰ ਇਕ ਨਵਾਂ ਪਲੇਟਫਾਰਮ, ਨਵੀਂ ਸੋਚ ਅਤੇ ਨਵੀਂ ਉਮੀਦ ਮਿਲੀ ਹੈ। ਇਸ ਨਵੇਂ ਬਣੇ ਸੀਨੀਅਰ ਸਿਟੀਜਨ ਮੰਚ” ਦੀ ਪਹਿਲੀ ਮੀਟਿੰਗ ਉੱਘੇ ਸਮਾਜਸੇਵੀ ਅਤੇ ਡਾਕਟਰ ਡਾ. ਭੁਪਿੰਦਰ ਸਿੰਘ ਗਰਚਾ ਦੀ ਪ੍ਰਧਾਨਗੀ ਹੇਠ ਜੀ.ਟੀ. ਰੋਡ ਸਥਿਤ ਹੋਟਲ ਬਿਗ ਬੈਨ ਦੇ ਕਾਨਫਰੰਸ ਹਾਲ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸ਼ਹਿਰ ਦੇ ਕਈ ਮਾਣਯੋਗ ਸੀਨੀਅਰ ਸਿਟੀਜ਼ਨਾਂ, ਸਮਾਜਸੇਵੀਆਂ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਏ ਵਿਅਕਤੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਸਾਬਕਾ ਨਗਰ ਕੌਂਸਲਰ ਅਤੇ ਪ੍ਰਸਿੱਧ ਸਮਾਜਸੇਵੀ ਕ੍ਰਿਸ਼ਨ ਸੂਦ ਨੂੰ ਮੰਚ ਦਾ ਸੰਸਥਾਪਕ ਪ੍ਰਧਾਨ ਚੁਣਿਆ। ਇਸ ਤੋਂ ਇਲਾਵਾ ਉੱਘੇ ਐੱਨਜੀਓ ਕਰਤਾ ਬਿਮਲ ਜੈਨ ਨੂੰ ਜਨਰਲ ਸਕੱਤਰ ਅਤੇ ਸੇਵਾ ਮੁਕਤ ਇੰਜਨੀਅਰ ਰਛਪਾਲ ਸਿੰਘ ਬਰਾੜ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਮੌਜੂਦ ਮੈਂਬਰਾਂ ਵੱਲੋਂ ਫੁੱਲ-ਮਾਲਾਵਾਂ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਡਾ. ਭੁਪਿੰਦਰ ਸਿੰਘ ਗਰਚਾ ਨੂੰ ਵੀ ਫੁੱਲ-ਮਾਲਾਵਾਂ ਅਤੇ ਦੋਸ਼ਾਲਾ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਡਾ. ਗਰਚਾ ਨੇ ਸੀਨੀਅਰ ਸਿਟੀਜਨ ਮੰਚ ਦੀ ਸਥਾਪਨਾ ’ਤੇ ਖੁਸ਼ੀ ਪ੍ਰਗਟਾਈ। ਨਵੇਂ ਚੁਣੇ ਗਏ ਪ੍ਰਧਾਨ ਕ੍ਰਿਸ਼ਨ ਸੂਦ ਨੇ ਆਪਣੇ ਪਹਿਲੇ ਸੰਬੋਧਨ ਵਿਚ ਕਿਹਾ ਕਿ ਉਮਰ ਕਦੇ ਵੀ ਕਿਸੇ ਵਿਅਕਤੀ ਦੀ ਯੋਗਤਾ ਜਾਂ ਤਾਕਤ ਨੂੰ ਘਟਾਉਂਦੀ ਨਹੀਂ। ਉਨ੍ਹਾਂ ਕਿਹਾ ਕਿ ਬੁਢਾਪਾ ਇਕ ਕੁਦਰਤੀ ਪ੍ਰਕਿਰਿਆ ਹੈ ਪਰ ਜੀਵਨ ਨੂੰ ਉਤਸ਼ਾਹ ਨਾਲ ਜੀਉਣਾ ਮਨੁੱਖ ਦੇ ਆਪਣੇ ਹੌਸਲੇ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਸਮੂਹ ਮੈਂਬਰਾਂ ਨੂੰ ਇਕਜੁੱਟ ਹੋ ਕੇ ਆਪਸੀ ਭਾਈਚਾਰੇ, ਸਮਾਜਿਕ ਸੇਵਾ ਅਤੇ ਸੀਨੀਅਰ ਸਿਟੀਜਨਾਂ ਦੇ ਸਨਮਾਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।ਮੀਟਿੰਗ ਦੇ ਅੰਤ ਵਿਚ ਮੰਚ ਦੇ ਭਵਿੱਖੀ ਕਾਰਜਕ੍ਰਮਾਂ, ਸਮਾਜਿਕ ਮੁਹਿੰਮਾਂ ਅਤੇ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਹਾਜ਼ਰ ਮੈਂਬਰਾਂ ਨੇ ਵਿਸ਼ਵਾਸ ਜਤਾਇਆ ਕਿ ਇਹ ਨਵਾਂ ਮੰਚ ਆਉਣ ਵਾਲੇ ਸਮੇਂ ਵਿਚ ਮੋਗਾ ਸ਼ਹਿਰ ਵਿਚ ਸੀਨੀਅਰ ਸਿਟੀਜ਼ਨਾਂ ਦੀ ਇਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਆਵਾਜ਼ ਬਣ ਕੇ ਉਭਰੇਗਾ।