ਡੀਸੀ ਨੇ ਜਨਗਣਨਾ ਮੁਹਿੰਮ ਦੀ ਕੀਤੀ ਸ਼ੁਰੂਆਤ
ਜਨਗਣਨਾ 2027 ਅਧੀਨ ਸੈਲਫ-ਇਨਿਊਮਰੇਸ਼ਨ ਦੀ ਸਹੂਲਤ ਅੱਜ ਤੋਂ ਸ਼ੁਰੂ : ਡਿਪਟੀ ਕਮਿਸ਼ਨਰ
Publish Date: Thu, 30 Apr 2026 03:40 PM (IST)
Updated Date: Fri, 01 May 2026 04:02 AM (IST)

ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫ਼ਰੀਦਕੋਟ : ਭਾਰਤ ਸਰਕਾਰ ਵੱਲੋਂ ਕਰਵਾਈ ਜਾਣ ਵਾਲੀ ਜਨਗਣਨਾ 2027 ਤਹਿਤ ਆਮ ਲੋਕਾਂ ਦੀ ਸਹੂਲਤ ਲਈ ਸੈਲਫ-ਇਨਿਊਮਰੇਸ਼ਨ (ਸਵੈ ਗਣਨਾ) ਦੀ ਸਹੂਲਤ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਵਿਵਸਥਾ ਰਾਹੀਂ ਨਾਗਰਿਕ ਆਪਣੀ ਜਾਣਕਾਰੀ ਖੁਦ ਆਨਲਾਈਨ ਭਰ ਸਕਣਗੇ ਅਤੇ ਇਹ ਸਹੂਲਤ 14 ਮਈ 2026 ਤੱਕ ਆਨਲਾਈਨ ਉਪਲਬਧ ਰਹੇਗੀ। ਇਸ ਸਮੇਂ ਦੌਰਾਨ ਨਾਗਰਿਕ ਘਰ ਬੈਠੇ ਹੀ ਅਧਿਕਾਰਤ ਪੋਰਟਲ ‘ਤੇ ਜਾ ਕੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਮ ਪ੍ਰਿੰਸੀਪਲ ਸੈਸੰਜ ਅਫਸਰ ਨੇ ਜਨਗਣਨਾ 2027 ਤਹਿਤ ਆਪਣਾ ਸਵੈ ਜਨਗਣਨਾ ਫਾਰਮ ਭਰਨ ਉਪਰੰਤ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਰਟਲ ਦੀ ਵਰਤੋਂ ਲਈ ਸਭ ਤੋਂ ਪਹਿਲਾਂ ਆਪਣੀ ਪਸੰਦ ਦੀ ਭਾਸ਼ਾ ਦੀ ਚੋਣ ਕਰਨੀ ਹੋਵੇਗੀ ਅਤੇ ਫਿਰ ਮੋਬਾਈਲ ਨੰਬਰ ਅਤੇ ਬੁਨਿਆਦੀ ਜਾਣਕਾਰੀ ਦੀ ਮਦਦ ਨਾਲ ਲੌਗਇਨ ਕਰਨਾ ਹੋਵੇਗਾ। ਲੌਗਇਨ ਤੋਂ ਬਾਅਦ ਪੋਰਟਲ ‘ਤੇ ਦਿੱਤੇ ਸਾਰੇ ਪ੍ਰਸ਼ਨਾਂ ਦੇ ਸਹੀ ਜਵਾਬ ਭਰ ਕੇ ਫਾਰਮ ਸਬਮਿਟ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਫਾਰਮ ਸਬਮਿਟ ਕਰਨ ਉਪਰੰਤ ਇੱਕ ਵਿਲੱਖਣ ਸੈਲਫ-ਇਨਿਊਮਰੇਸ਼ਨ ਆਈਡੀ ਜਨਰੇਟ ਹੋਵੇਗੀ। ਜਦੋਂ ਜਨਗਣਨਾ ਮੁਲਾਜ਼ਮ ਘਰ ਦੌਰੇ ‘ਤੇ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈਡੀ ਦਿਖਾਉਣੀ ਹੋਵੇਗੀ, ਜਿਸ ਨਾਲ ਦਿੱਤੀ ਗਈ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਅਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਸਹੂਲਤ ਦਾ ਲਾਭ ਲੈਣ ਅਤੇ ਜਨਗਣਨਾ ਪ੍ਰਕਿਰਿਆ ਨੂੰ ਸੁਚੱਜੇ ਅਤੇ ਸਫਲ ਢੰਗ ਨਾਲ ਪੂਰਾ ਕਰਨ ਵਿੱਚ ਸਹਿਯੋਗ ਦੇਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਮਲਹੋਤਰਾ, ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ, ਪੰਕਜ ਜਿਲ੍ਹਾ ਕੋਆਰਡੀਨੇਟਰ ਜਨਗਣਨਾ ਵਿਭਾਗ, ਸੈਕਟਰੀ ਰੈਡ ਕਰਾਸ ਮਨਦੀਪ ਮੌਂਗਾ, ਜਸਬੀਰ ਜੱਸੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਜਨਗਣਨਾ, ਰੰਗ ਹਰਜਿੰਦਰ ਜ਼ਿਲ੍ਹਾ ਮਾਸਟਰ ਟ੍ਰੇਨਰ, ਮੈਡਮ ਮਨਪ੍ਰੀਤ ਕੌਰ, ਗੁਰਦੀਪ ਸਿੰਘ ਤਕਨੀਕੀ ਸਹਾਇਕ ਵੀ ਹਾਜ਼ਰ ਸਨ।