ਮਾਪੇ ਅਧਿਆਪਕ ਮਿਲਣੀ ਸਮੇਂ ਦੂਜੀ ਵਰਕਸ਼ਾਪ ਦਾ ਆਯੋਜਨ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਰੱਤੀ ਰੋੜੀ ,ਡੱਗੋ ਰੋਮਾਣਾ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਦੂਜੀ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਮਨਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਦੌਰਾਨ ਲਗਭਗ 90 ਫੀਸਦੀ ਮਾਪਿਆਂ ਨੇ ਬੋਰਡ ਦੇ ਇਮਤਿਹਾਨਾਂ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਪਛਾਣਦਿਂਆਂ, ਸ਼ਿਰਕਤ ਕੀਤੀ । ਇਸ ਦੌਰਾਨ ਜਿੱਥੇ ਮਾਪਿਆਂ ਨੂੰ ਕਹਾਣੀਆਂ, ਗੱਲਾਂ ਬਾਤਾਂ, ਅਤੇ ਪ੍ਰੈਜੈਂਟੇਸ਼ਨਾਂ ਰਾਹੀਂ ਸਮਝਾਇਆ ਗਿਆ ਕਿ ਪ੍ਰੀਖਿਆਵਾਂ ਦਾ ਸਮਾਂ ਉਹ ਸਮਾਂ ਹੁੰਦਾ ਹੈ ਜਦੋਂ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੇ ਤਨਾਅ ਜਾਂ ਘਰ ਦੇ ਕੰਮਾਂ ਕਾਰਾਂ ਤੋਂ ਮੁਕਤ ਕਰਦੇ ਹੋਏ ਉਹਨਾਂ ਦੀ ਸੰਭਾਲ ਕਰਨੀ ਬਹੁਤ ਜਰੂਰੀ ਹੋ ਜਾਂਦੀ ਹੈ ਅਤੇ ਤਨਾਅ ਮੁਕਤ ਰਹਿ ਕੇ ਪ੍ਰੀਖਿਆਵਾਂ ਨੂੰ ਤਿਉਹਾਰਾਂ ਵਾਂਗ ਮਨਾਉਂਦੇ ਹੋਏ ਪੜ੍ਹਾਈ ਨੂੰ ਜਸ਼ਨ ਵਾਂਗ ਕਰਾਂਗੇ ਤਾਂ ਸਫਲਤਾ ਨਿਸ਼ਚਿਤ ਤੌਰ ਤੇ ਮਿਲੇਗੀ। ਇਸ ਮੌਕੇ ਬਾਰਵੀਂ ਜਮਾਤ ਇੰਚਾਰਜ ਧਰਮਿੰਦਰ ਸਲੋਤਰਾ ਨੇ ਮਾਪਿਆਂ ਨੂੰ ਪ੍ਰੀਖਿਆਵਾਂ ਵਿੱਚ ਤਿਆਰੀ ਲਈ ਮਦਦ ਕਰਨ ਦੇ ਢੰਗ ਤਰੀਕੇ ਦੱਸੇ। ਉਹਨਾਂ ਨੂੰ ਸਕੂਲ ਵਿੱਚ ਉਪਲਬਧ ਸਹੂਲਤਾਂ ਅਤੇ ਨਵੇਂ ਸੈਸ਼ਨ ਤੋਂ ਸ਼ੁਰੂ ਕੀਤੀ ਜਾਣ ਵਾਲੀ ਕਿੱਤਾ ਮੁਖੀ ਸਿੱਖਿਆ ਐਨ ਐਸ ਕਿਊ ਐਫ (ਇਨਫੋਰਮੇਸ਼ਨ ਟੈਕਨੋਲੋਜੀ) ਬਾਰੇ ਵੀ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਧਰਮਿੰਦਰ ਸਿੰਘ ਵੱਲੋਂ ਅਪੀਲ ਕੀਤੀ ਗਈ ਕਿ ਹਰੇਕ ਮਾਪੇ ਇਹ ਯਕੀਨੀ ਬਨਾਉਣ ਕਿ ਉਹ ਹਰ ਰੋਜ਼ ਵਿਦਿਆਰਥੀਆਂ ਨੂੰ ਸਕੂਲ ਵਿੱਚ ਭੇਜਣਾ ਯਕੀਨੀ ਬਣਾਉਣ ਤਾਂ ਜੋ ਵਿਦਿਆਰਥੀ ਸਕੂਲ ਵਿੱਚ ਕਰਵਾਈ ਜਾ ਰਹੀ ਪ੍ਰੀਖਿਆਵਾਂ ਦੀ ਤਿਆਰੀ ਵਧੀਆ ਢੰਗ ਨਾਲ ਕਰ ਸਕਣ।