ਐਸਡੀਐਮ ਵੱਲੋਂ ਮਰਦਮਸ਼ੁਮਾਰੀ ਸਿਖਲਾਈ ਕੇਂਦਰ ਦਾ ਦੌਰਾ
ਐਸਡੀਐਮ ਵੱਲੋਂ ਮਰਦਮਸ਼ੁਮਾਰੀ ਸਿਖਲਾਈ ਕੇਂਦਰ ਦਾ ਦੌਰਾ
Publish Date: Wed, 29 Apr 2026 05:21 PM (IST)
Updated Date: Wed, 29 Apr 2026 05:25 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗਿੱਦੜਬਾਹਾ ਵਿਖੇ ਤਹਿਸੀਲ ਪੱਧਰ ’ਤੇ ਚੱਲ ਰਹੀ ਮਰਦਮਸ਼ੁਮਾਰੀ ਸਿਖਲਾਈ ਦੌਰਾਨ ਐਸਡੀਐਮ ਜਸਪਾਲ ਸਿੰਘ ਬਰਾੜ ਨੇ ਸਿਖਲਾਈ ਕੇਂਦਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਿਖਲਾਈ ਪ੍ਰਾਪਤ ਕਰ ਰਹੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ ਮਰਦਮਸ਼ੁਮਾਰੀ ਦੇ ਕਾਰਜ ਨੂੰ ਪੂਰੀ ਜ਼ਿੰਮੇਵਾਰੀ, ਇਮਾਨਦਾਰੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਦੇਸ਼ ਦੀ ਯੋਜਨਾਬੰਦੀ, ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਲਈ ਬਹੁਤ ਮਹੱਤਵਪੂਰਨ ਅਧਾਰ ਹੈ। ਇਸ ਲਈ ਹਰ ਘਰ ਅਤੇ ਹਰ ਵਿਅਕਤੀ ਨਾਲ ਸੰਬੰਧਿਤ ਜਾਣਕਾਰੀ ਨੂੰ ਸਹੀ ਅਤੇ ਪੂਰੀ ਤਰ੍ਹਾਂ ਦਰਜ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਮਾਸਟਰ ਟਰੇਨਰ ਸੰਦੀਪ ਮੱਕੜ, ਗੁਰਲਾਲ ਸਿੰਘ, ਸਤਵਿੰਦਰ ਸਿੰਘ, ਸੁਖਰਾਜ ਸਿੰਘ, ਇਕਬਾਲ ਸਿੰਘ, ਸੱਤਪਾਲ ਸਿੰਘ, ਰੰਜੀਤ ਸਿੰਘ, ਰਘੁਵੀਰ ਸਿੰਘ, ਅਮਰਜੀਤ ਕੁਮਾਰ ਅਤੇ ਰਜਿੰਦਰ ਪਰਸ਼ਾਦ ਵੱਲੋਂ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਸੰਬੰਧੀ ਗਿਣਤੀ ਪ੍ਰਕਿਰਿਆ, ਡਾਟਾ ਇਕੱਠਾ ਕਰਨ ਦੇ ਤਰੀਕਿਆਂ ਅਤੇ ਸਰਕਾਰੀ ਹਦਾਇਤਾਂ ਬਾਰੇ ਜਾਣਕਾਰੀਆਂ ਸਾਂਝਾ ਕੀਤੀਆਂ ਗਈਆਂ। ਇਸ ਸਿਖਲਾਈ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਕਰਵਾਉਣ ਵਿੱਚ ਰਵਿੰਦਰ ਸਿੰਘ, ਅਮਿਤ ਬੱਬਰ, ਮਨਜੀਤ ਪਿਓਰੀ ਅਤੇ ਹਰਜੀਤ ਸਿੰਘ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਜਾ ਰਹੀ ਹੈ। ਅੰਤ ਵਿੱਚ ਹਾਜ਼ਰ ਅਧਿਕਾਰੀਆਂ ਅਤੇ ਸਿਖਲਾਈ ਪ੍ਰਾਪਤ ਕਰ ਰਹੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੇ ਜਸਪਾਲ ਸਿੰਘ ਬਰਾੜ ਨੂੰ ਮਰਦਮਸ਼ੁਮਾਰੀ ਦੇ ਕੰਮ ਨੂੰ ਪੂਰੀ ਲਗਨ, ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ।