ਮੁਕਤਸਰ ’ਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮੁਕੰਮਲ, 457 ’ਚੋਂ 436 ਸਹੀ ਕਰਾਰ, 21 ਰੱਦ
ਮੁਕਤਸਰ ’ਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮੁਕੰਮਲ, 457 ’ਚੋਂ 436 ਸਹੀ ਕਰਾਰ, 21 ਰੱਦ
Publish Date: Tue, 19 May 2026 05:31 PM (IST)
Updated Date: Tue, 19 May 2026 05:33 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਮੁਕਤਸਰ ਦੀਆਂ ਤਿੰਨ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ (ਜਾਂਚ) ਦੀ ਪ੍ਰਕਿਰਿਆ ਸੋਮਵਾਰ ਨੂੰ ਮੁਕੰਮਲ ਕਰ ਲਈ ਗਈ ਹੈ। ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜਾਰੀ ਰਿਪੋਰਟ ਅਨੁਸਾਰ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਨਗਰ ਕੌਂਸਲਾਂ ਦੇ ਕੁੱਲ 77 ਵਾਰਡਾਂ ਲਈ 457 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਪੜਤਾਲ ਤੋਂ ਬਾਅਦ ਇਨ੍ਹਾਂ ਵਿੱਚੋਂ 21 ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ, ਜਦੋਂ ਕਿ 436 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ। ਹੁਣ ਇਹ 436 ਉਮੀਦਵਾਰ ਚੋਣ ਮੈਦਾਨ ਵਿੱਚ ਰਹਿਣਗੇ। ਉੱਥੇ ਹੀ ਜਿਹੜੀਆਂ 21 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਮੁਕਤਸਰ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਅਤੇ ਇੱਕ ਕਾਂਗਰਸ ਦਾ ਉਮੀਦਵਾਰ ਹੈ। ਇਨ੍ਹਾਂ ਤੋਂ ਇਲਾਵਾ 16 ਆਜ਼ਾਦ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਹਨ। ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦਾ ਕਾਰਨ ਉਨ੍ਹਾਂ ਦੇ ਘਰਾਂ ਦੇ ਬਾਹਰ ਬਣੇ ਥੜ੍ਹਿਆਂ ਨੂੰ ਨਾਜਾਇਜ਼ ਕਬਜ਼ਾ ਦੱਸਿਆ ਗਿਆ ਹੈ। ਕਿਸ ਕੌਂਸਲ ’ਚ ਕਿੰਨੀਆਂ ਨਾਮਜ਼ਦਗੀਆਂ ਸਹੀ ਰਿਪੋਰਟ ਦੇ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਨਾਮਜ਼ਦਗੀਆਂ ਮੁਕਤਸਰ ਨਗਰ ਕੌਂਸਲ ਵਿੱਚ ਆਈਆਂ। ਇੱਥੋਂ ਦੇ 31 ਵਾਰਡਾਂ ਲਈ 209 ਉਮੀਦਵਾਰਾਂ ਨੇ ਪਰਚੇ ਭਰੇ ਸਨ। ਪੜਤਾਲ ਦੌਰਾਨ 18 ਨਾਮਜ਼ਦਗੀਆਂ ਰੱਦ ਹੋਈਆਂ ਅਤੇ 191 ਨਾਮਜ਼ਦਗੀਆਂ ਸਹੀ ਕਰਾਰ ਦਿੱਤੀਆਂ ਗਈਆਂ। ਮਲੋਟ ਨਗਰ ਕੌਂਸਲ ਵਿੱਚ 27 ਵਾਰਡਾਂ ਲਈ 162 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਇੱਥੇ ਸਿਰਫ਼ ਦੋ ਨਾਮਜ਼ਦਗੀਆਂ ਰੱਦ ਹੋਈਆਂ ਹਨ ਅਤੇ 160 ਉਮੀਦਵਾਰਾਂ ਦੇ ਪਰਚੇ ਸਹੀ ਪਾਏ ਗਏ। ਗਿੱਦੜਬਾਹਾ ਵਿੱਚ ਸਥਿਤੀ ਸਭ ਤੋਂ ਬਿਹਤਰ ਰਹੀ। ਇੱਥੇ 19 ਵਾਰਡਾਂ ਲਈ 86 ਨਾਮਜ਼ਦਗੀਆਂ ਆਈਆਂ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਰੱਦ ਹੋਈ ਅਤੇ 85 ਨਾਮਜ਼ਦਗੀਆਂ ਸਹੀ ਮੰਨੀਆਂ ਗਈਆਂ। ਮਲੋਟ ਅਤੇ ਗਿੱਦੜਬਾਹਾ ਵਿੱਚ ਜੋ ਨਾਮਜ਼ਦਗੀਆਂ ਰੱਦ ਹੋਈਆਂ ਹਨ, ਉਹ ਆਜ਼ਾਦ ਉਮੀਦਵਾਰਾਂ ਦੀਆਂ ਹਨ। ਦੇਰ ਰਾਤ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਗਜ਼ਾਂ ਦੀ ਪੜਤਾਲ ਦੇਰ ਰਾਤ ਤੱਕ ਚੱਲਦੀ ਰਹੀ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਡੀਸੀ ਦਫ਼ਤਰ ਦੇ ਬਾਹਰ ਖੜ੍ਹੇ ਰਹੇ। ਰਾਤ ਕਰੀਬ ਨੌਂ ਵਜੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਤਿੰਨਾਂ ਨਗਰ ਕੌਂਸਲਾਂ ਵਿੱਚ ਕੁੱਲ 436 ਸਹੀ ਉਮੀਦਵਾਰਾਂ ਦੇ ਨਾਲ ਚੋਣ ਮੁਕਾਬਲਾ ਦਿਲਚਸਪ ਹੋਣ ਦੀ ਉਮੀਦ ਹੈ। ਪ੍ਰਸ਼ਾਸਨ ਨੇ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਹੁਣ ਚੋਣ ਪ੍ਰਚਾਰ ਵੀ ਜ਼ੋਰ ਫੜੇਗਾ।