ਟਰੱਕ ਹੇਠਾਂ ਆਉਣ ਨਾਲ 11ਵੀਂ ਦੇ ਵਿਦਿਆਰਥੀ ਦੀ ਮੌਤ, ਇੱਕ ਜ਼ਖ਼ਮੀ
ਟੁੱਟੀ ਸੜਕ ’ਤੇ ਤਿਲਕੀ ਸਕੂਟੀ, ਟਰੱਕ ਹੇਠਾਂ ਆਉਣ ਨਾਲ 11ਵੀਂ ਦੇ ਵਿਦਿਆਰਥੀ ਦੀ ਮੌਤ, ਇੱਕ ਜ਼ਖਮੀ
Publish Date: Fri, 15 May 2026 05:47 PM (IST)
Updated Date: Fri, 15 May 2026 05:48 PM (IST)
ਭੰਵਰਾ\ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ੁੱਕਰਵਾਰ ਸਵੇਰੇ ਕਰੀਬ ਅੱਠ ਵਜੇ ਗੁਰੂਹਰਸਹਾਏ ਰੋਡ ’ਤੇ ਇੱਕ ਦਰਦਨਾਕ ਹਾਦਸਾ ਵਾਪਰਿਆ। ਸਕੂਲ ਜਾ ਰਹੇ ਦੋ ਵਿਦਿਆਰਥੀਆਂ ਦੀ ਸਕੂਟੀ ਸੜਕ ’ਤੇ ਪਏ ਟੋਇਆਂ ਕਾਰਨ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਗਈ। ਸੜਕ ’ਤੇ ਡਿੱਗੇ ਵਿਦਿਆਰਥੀਆਂ ਵਿੱਚੋਂ ਸਕੂਟੀ ਦੇ ਪਿੱਛੇ ਬੈਠੇ ਇੱਕ ਵਿਦਿਆਰਥੀ ਦੇ ਉੱਪਰੋਂ ਪਿੱਛੋਂ ਆ ਰਿਹਾ ਟਰੱਕ ਲੰਘ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੂਜਾ ਵਿਦਿਆਰਥੀ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਪਰਿਸ਼ (16) ਪੁੱਤਰ ਮੋਹਨ ਲਾਲ ਵਾਸੀ ਕੋਟਲੀ ਰੋਡ ਖੇੜਾ ਕਲੋਨੀ ਵਜੋਂ ਹੋਈ ਹੈ, ਜੋ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ 11ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਉਸਨੇ ਹਾਲ ਹੀ ’ਚ ਦਾਖਲਾ ਲਿਆ ਸੀ। ਜਦਕਿ ਜ਼ਖਮੀ ਨਿਤਿਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਮੌੜ ਰੋਡ ਗਲੀ ਨੰਬਰ ਸੱਤ ਸਰਵਹਿੱਤਕਾਰੀ ਸਕੂਲ ਦਾ ਵਿਦਿਆਰਥੀ ਹੈ। ਉਸਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।