ਸਾਧਵੀ ਸ਼ਿਲਪਾ ਭਾਰਤੀ ਨੇ ਸੰਗਤ ਨੂੰ ਸੁਣਾਏ ਪ੍ਰਵਚਨ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ
Publish Date: Wed, 13 May 2026 04:21 PM (IST)
Updated Date: Thu, 14 May 2026 04:01 AM (IST)

ਸਟਾਫ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮੋਗਾ ਸਥਿਤ ਆਸ਼ਰਮ ਵਿਖੇ ਸਤਿਸੰਗ ਕਾਰਜਕਰਮ ਕਰਵਾਇਆ ਗਿਆ। ਸਾਧਵੀ ਸ਼ਿਲਪਾ ਭਾਰਤੀ ਨੇ ਕਿਹਾ ਕਿ ਸਦੀਆਂ ਤੋਂ ਸਮਾਜ ਵਿਚ ਨਾਸਤਿਕਾਂ ਦਾ ਇੱਕ ਵਰਗ ਬਣਿਆ ਹੋਇਆ ਹੈ, ਜੋ ਪ੍ਰਮਾਤਮਾ ਦੀ ਹੋਂਦ ਤੇ ਪ੍ਰਸ਼ਨ ਉਠਾਉਂਦਾ ਰਿਹਾ ਹੈ। ਕੇਵਲ ਇਸ ਤਰਕ ਦੇ ਅਧਾਰ ’ਤੇ ਕਿ ਅਸੀਂ ਰੱਬ ਨੂੰ ਨਹੀਂ ਦੇਖਿਆ ਹੈ ਫਿਰ ਅਸੀਂ ਉਸਦੀ ਹੋਂਦ ਨੂੰ ਕਿਉਂ ਸਵੀਕਾਰ ਕਰੀਏ..? ਸੰਸਾਰ ਵਿਚ ਬਹੁਤ ਸਾਰੀਆਂ ਅਜਿਹੀਆਂ ਵਸਤੂਆਂ ਜਾਂ ਤੱਤ ਹਨ ਜੋ ਨਜ਼ਰ ਨਹੀਂ ਆਉਂਦੇ ਪਰ ਉਨ੍ਹਾਂ ਦਾ ਪ੍ਰਭਾਵ ਜ਼ਰੂਰ ਦਿਖਾਈ ਦਿੰਦਾ ਹੈ। ਜਿਸ ਤਰ੍ਹਾਂ ਪਿਆਰ, ਨਫ਼ਰਤ, ਦਰਦ ਵਰਗੀਆਂ ਭਾਵਨਾਵਾਂ ਨੂੰ ਦੇਖਿਆ ਨਹੀਂ ਜਾ ਸਕਦਾ। ਪਰ ਉਨ੍ਹਾਂ ਦਾ ਪ੍ਰਭਾਵ ਚਿਹਰੇ ਅਤੇ ਹਾਵ-ਭਾਵ ਨਾਲ ਜ਼ਰੂਰ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਇਹ ਰਚਨਾ ਪਰਮਾਤਮਾ ਦਾ ਪ੍ਰਭਾਵ ਹੈ, ਉਸ ਦੀ ਹੋਂਦ ਦਾ ਪ੍ਰਮਾਣ ਹੈ। ਰਾਤ ਨੂੰ ਅਸੀਂ ਅਸਮਾਨ ਵਿਚ ਬਹੁਤ ਸਾਰੇ ਤਾਰਾਮੰਡਲ ਦੇਖਦੇ ਹਾਂ ਪਰ ਜੇਕਰ ਤੁਸੀਂ ਸੂਰਜ ਚੜ੍ਹਨ ਤੋਂ ਬਾਅਦ ਨਹੀਂ ਦੇਖ ਸਕਦੇ ਤਾਂ ਇਸ ਦਾ ਮਤਲਬ ਇਹ ਨਹੀਂ ਕੱਢਿਆ ਜਾ ਸਕਦਾ ਕਿ ਦਿਨ ਵੇਲੇ ਅਸਮਾਨ ਵਿਚ ਕੋਈ ਤਾਰੇ ਨਹੀਂ ਹੁੰਦੇ। ਅਸੀਂ ਆਪਣੀ ਅਗਿਆਨਤਾ ਦੀ ਸਥਿਤੀ ਵਿਚ ਪਰਮਾਤਮਾ ਨੂੰ ਨਹੀਂ ਦੇਖ ਸਕਦੇ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਪਰਮਾਤਮਾ ਦੀ ਹੋਂਦ ਨਹੀਂ ਹੈ। ਸਾਧਵੀ ਨੇ ਕਿਹਾ ਕਿ ਮਹਾਪੁਰਖਾਂ ਨੇ ਕਦੇ ਵੀ ਸਿਰਫ਼ ਦਲੀਲਾਂ ਦੇ ਕੇ ਸਮਾਜ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਇਸ ਤੋਂ ਵੀ ਅੱਗੇ ਦੀ ਗੱਲ ਕਹੀ ਹੈ। ਉਨ੍ਹਾਂ ਦਾ ਮੱਤ ਸੀ ਕਿ- ਕੌਣ ਕਹਿੰਦਾ ਹੈ ਰੱਬ ਨਜ਼ਰ ਨਹੀਂ ਆਉਂਦਾ? ਰੱਬ ਨੂੰ ਵੀ ਦੇਖਿਆ ਜਾ ਸਕਦਾ ਹੈ ਪਰ ਇਸ ਦੇ ਲਈ ਤੁਹਾਡੇ ਕੋਲ ਸਹੀ ਯੁਕਤੀ ਹੋਣੀ ਚਾਹੀਦੀ ਹੈ ਜਿਵੇਂ ਦੁੱਧ ਵਿਚ ਮੱਖਣ ਲੁਕਿਆ ਹੁੰਦਾ ਹੈ। ਉਸ ਨੂੰ ਕੱਢਣ ਦੀ ਵੀ ਇਕ ਯੁਕਤੀ ਹੈ। ਇਸੇ ਤਰ੍ਹਾਂ ਪਰਮਾਤਮਾ ਸ੍ਰਿਸ਼ਟੀ ਦੇ ਹਰ ਕਣ ਵਿਚ ਪ੍ਰਕਾਸ਼ ਕਰ ਰਿਹਾ ਹੈ। ਉਸਦੀ ਆਵਾਜ਼ ਸਾਡੇ ਹੋਂਦ ਦੇ ਹਰ ਰੋਮ ਵਿਚ ਬੋਲਦੀ ਹੈ ਪਰ ਇਨ੍ਹਾਂ ਨੂੰ ਅਨੁਭਵ ਕਰਨ ਲਈ ਬ੍ਰਹਮ ਗਿਆਨ ਦੀ ਯੁਕਤੀ ਦੀ ਲੋੜ ਹੈ, ਬ੍ਰਹਮ ਗਿਆਨ ਦੀ ਇਹ ਯੁਕਤੀ ਸਤਿਗੁਰੂ ਨੇ ਪ੍ਰਦਾਨ ਕੀਤੀ ਹੈ। ਇਸ ਰਾਹੀਂ ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਬ੍ਰਹਮ ਗਿਆਨ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅੰਤ ਵਿਚ ਸਾਧਵੀ ਭਾਰਤੀ ਨੇ ਸੂਮਧੁਰ ਭਜਨਾਂ ਦਾ ਗਾਇਨ ਕੀਤਾ ਅਤੇ ਪ੍ਰਸ਼ਾਦ ਵੀ ਵੰਡਿਆ ਗਿਆ।