ਮਨੁੱਖਤਾ ਦੀ ਨਿਸ਼ਕਾਮਸਰਬੱਤ ਦਾ ਭਲਾ ਟਰੱਸਟ ਨੇ 180 ਪਰਿਵਾਰਾਂ ਨੂੰ ਚੈੱਕ ਤਕਸੀਮ ਕੀਤੇ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇਕਾਈ ਮੋਗਾ ਵੱਲੋਂ ਇਕ ਵੱਡਾ ਅਤੇ ਸਲਾਘਾਯੋਗ ਉਪਰਾਲਾ ਕਰਦਿਆਂ ਜ਼ਿਲ੍ਹਾ ਮੁੱਖ ਦਫ਼ਤਰ ਮੋਗਾ ਵਿਖੇ180 ਜਰੂਰਤਮੰਦ ਪਰਿਵਾਰਾਂ, ਵਿਧਵਾਵਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। ਇਹ ਉਪਰਾਲਾ ਸੰਸਥਾ ਦੇ ਬਾਨੀ ਦੁਬਈ ਅਧਾਰਿਤ ਪ੍ਰਸਿੱਧ ਕਾਰੋਬਾਰੀ ਅਤੇ ਵਿਸ਼ਵ ਪ੍ਰਸਿੱਧ ਦਾਨਵੀਰ ਡਾ. ਸੁਰਿੰਦਰਪਾਲ ਸਿੰਘ ਓਬਰਾਏ ਦੀ ਪ੍ਰੇਰਣਾ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਮੀਤ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਅਵਤਾਰ ਸਿੰਘ ਘੋਲੀਆ, ਟਰੱਸਟੀ ਰਾਮ ਸਿੰਘ ਅਤੇ ਗੁਰਸੇਵਕ ਸਿੰਘ ਸੰਨਿਆਸੀ ਵੱਲੋਂ ਲਾਭਪਾਤਰੀਆਂ ਨੂੰ ਸਹਾਇਤਾ ਚੈੱਕ ਸੌਂਪੇ ਗਏ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਟਰੱਸਟ ਦੇ ਬਾਨੀ ਡਾ. ਓਬਰਾਏ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਮਹੀਨਾਵਾਰ ਪੈਨਸ਼ਨ ਸਕੀਮਾਂ ਦੇ ਨਾਲ ਨਾਲ ਟਰੱਸਟ ਵੱਲੋਂ ਕਈ ਹੋਰ ਲੋਕ ਭਲਾਈ ਦੇ ਪ੍ਰੋਜੈਕਟ ਲਗਾਤਾਰ ਚਲਾਏ ਜਾ ਰਹੇ ਹਨ, ਜਿਨ੍ਹਾਂ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ। ਟਰੱਸਟ ਵੱਲੋਂ ਚਲਾਏ ਜਾ ਰਹੇ ਮੁੱਖ ਸੇਵਾ ਕਾਰਜ ਮੁਫ਼ਤ ਅੱਖਾਂ ਦੇ ਜਾਂਚ ਅਤੇ ਓਪਰੇਸ਼ਨ ਕੈਂਪ, ਹੋਣਹਾਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਦੀ ਫ਼ੀਸ ਭਰਨਾ, ਗਰੀਬ ਮਰੀਜ਼ਾਂ ਲਈ ਮੈਡੀਕਲ ਸਹਾਇਤਾ, ਹੱਥੀਂ ਹੁਨਰ ਵਿਕਾਸ ਲਈ ਤਕਨੀਕੀ ਸਿਖਲਾਈ ਕੋਰਸ, ਸਕੂਲਾਂ ਅਤੇ ਜਨਤਕ ਥਾਵਾਂ ’ਤੇ ਸਾਫ਼ ਪਾਣੀ ਲਈ ਆਰਓਪਲਾਂਟ ਲਗਾਉਣਾ ਗਰੀਬਾਂ ਲਈ ਵਰਦਾਨ ਹਨ ਟਰੱਸਟ ਵੱਲੋਂ ਮੋਗਾ ਅਤੇ ਕੋਟਈਸੇਖਾਂ ਖੇਤਰ ਦੇ ਲੋਕਾਂ ਲਈ ਆਧੁਨਿਕ ਮੈਡੀਕਲ ਲੈਬ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਲੈਬ ਵਿਚ ਖੂਨ ਨਾਲ ਸਬੰਧਤ ਸਾਰੇ ਟੈਸਟ ਲਗਭਗ 70 ਪ੍ਰਤੀਸ਼ਤ ਛੂਟ ’ਤੇ ਕੀਤੇ ਜਾਂਦੇ ਹਨ। ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਇਹ ਸਹੂਲਤ ਕਿਸੇ ਵਰਦਾਨ ਤੋਂ ਘੱਟ ਨਹੀਂ ਕਿਉਂਕਿ ਮਹਿੰਗੇ ਟੈਸਟ ਹੁਣ ਉਹ ਸੌਖੇ ਢੰਗ ਨਾਲ ਕਰਵਾ ਸਕਦੇ ਹਨ। ਇਸ ਮੌਕੇ ਦਫ਼ਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ, ਮੈਡਮ ਜਸਪ੍ਰੀਤ ਕੌਰ ਬੱਡੂਵਾਲ, ਮੈਡਮ ਸੁਖਵਿੰਦਰ ਕੌਰ ਹੋਰ ਸੇਵਾਦਾਰ ਅਤੇ ਵੱਡੀ ਗਿਣਤੀ ਵਿਚ ਲਾਭਪਾਤਰੀ ਹਾਜ਼ਰ ਸਨ। ਸਮਾਗਮ ਦੌਰਾਨ ਲਾਭਪਾਤਰੀਆਂ ਨੇ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸਹਾਇਤਾ ਉਨ੍ਹਾਂ ਲਈ ਨਵੀਂ ਉਮੀਦ ਅਤੇ ਹੌਸਲਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਾਬਤ ਕਰਦਾ ਹੈ ਕਿ ਜੇਕਰ ਸਮਾਜ ਦੇ ਸਮਰੱਥ ਵਰਗ ਵੱਲੋਂ ਲੋੜਵੰਦਾਂ ਦੀ ਮਦਦ ਲਈ ਹੱਥ ਵਧਾਇਆ ਜਾਵੇ ਤਾਂ ਬੇਸ਼ੁਮਾਰ ਪਰਿਵਾਰਾਂ ਦੀ ਜ਼ਿੰਦਗੀ ਵਿਚ ਸੁਖ ਅਤੇ ਸੁਰੱਖਿਆ ਲਿਆਈ ਜਾ ਸਕਦੀ ਹੈ। ਸਰਬੱਤ ਦਾ ਭਲਾ ਟਰੱਸਟ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਸਮਾਜ ਵਿਚ ਭਾਈਚਾਰੇ, ਸਹਿਯੋਗ ਅਤੇ ਮਨੁੱਖਤਾ ਦੇ ਸੁਨੇਹੇ ਨੂੰ ਮਜ਼ਬੂਤ ਕਰ ਰਹੇ।