ਪੰਜਾਬ ਟਾਪਰ ਹਰਲੀਨ ਸ਼ਰਮਾ ਸਮੇਤ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਵੱਲੋਂ ਪੰਜਾਬ ਟਾਪਰ ਹਰਲੀਨ ਸ਼ਰਮਾ ਸਮੇਤ ਹੋਣਹਾਰ ਵਿਦਿਆਰਥੀਆਂ ਦਾ ਵਿਸ਼ਾਲ ਸਨਮਾਨ
Publish Date: Thu, 14 May 2026 04:33 PM (IST)
Updated Date: Fri, 15 May 2026 04:01 AM (IST)

ਪੰਜਾਬ ਭਰ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ ਨੂੰ 51 ਹਜ਼ਾਰ ਰੁਪਏ ਦੇ ਚੈੱਕ ਨਾਲ ਕੀਤਾ ਸਨਮਾਨਿਤ ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਚ ਅੱਜ ਖੁਸ਼ੀ, ਮਾਣ ਅਤੇ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲਿਆ, ਜਦੋਂ ਸਕੂਲ ਦੀ ਵਿਦਿਆਰਥਣ ਹਰਲੀਨ ਸ਼ਰਮਾ ਸਪੁੱਤਰੀ ਜਸਵਿੰਦਰ ਕੁਮਾਰ/ਰੇਣੂ ਬਾਲਾ ਵਾਸੀ ਪਿੰਡ ਚੈਨਾ (ਜੈਤੋ) ਜ਼ਿਲ੍ਹਾ ਫ਼ਰੀਦਕੋਟ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਦੀ ਖੁਸ਼ੀ ਵਿਚ ਇੱਕ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੈਰਿਟ ਵਿਚ ਸਥਾਨ ਹਾਸਲ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਅਵਨੀਤ ਕੌਰ, ਏਕਮਦੀਪ ਕੌਰ ਅਤੇ ਸਿਮਰਨਜੀਤ ਕੌਰ ਤੋਂ ਇਲਾਵਾ 95 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਉਤਸ਼ਾਹ ਅਤੇ ਖੁਸ਼ੀ ਨਾਲ ਭਰਿਆ ਹੋਇਆ ਨਜ਼ਰ ਆਇਆ। ਪ੍ਰੋਗਰਾਮ ਵਿਚ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਗੋਇਲ, ਪ੍ਰਧਾਨ ਰਾਕੇਸ਼ ਰੋਮਾਣਾ, ਮੀਤ ਪ੍ਰਧਾਨ ਰਮੇਸ਼ ਵਰਮਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਖ਼ਜ਼ਾਨਚੀ ਅਨਿਲ ਕੁਮਾਰ ਬਾਂਸਲ, ਸਿੱਖਿਆ ਸਮਿਤੀ ਦੇ ਚੇਅਰਮੈਨ ਸੁਖਵਿੰਦਰਪਾਲ ਗਰਗ, ਸਿੱਖਿਆ ਸਮਿਤੀ ਦੇ ਸਹਿ ਚੇਅਰਮੈਨ ਡਾ. ਰਵਿੰਦਰਨਾਥ ਮਿੱਤਲ, ਸਾਲਸੀ ਬੋਰਡ ਦੇ ਚੇਅਰਮੈਨ ਐਡਵੋਕੇਟ ਪ੍ਰਸ਼ੋਤਮ ਸਿੰਗਲਾ, ਸਹਿ ਸਕੱਤਰ ਪੰਕਜ ਸਿੰਗਲਾ, ਡਿਪਟੀ ਮੈਨੇਜਰ ਮੁਕੇਸ਼ ਗੋਇਲ, ਸਾਲਸੀ ਬੋਰਡ ਦੇ ਮੈਂਬਰ ਜਿੰਦਰਪਾਲ ਬਾਂਸਲ, ਕਾਰਜਕਾਰੀ ਮੈਂਬਰ ਕਿਸ਼ੋਰ ਚੰਦ ਤਾਇਲ, ਸੱਤਪਾਲ ਗਰਗ, ਸ਼੍ਰੀ ਸੱਤਪਾਲ (ਰਾਮਾਇਣ ਪ੍ਰਚਾਰ ਮੰਡਲ), ਅਸ਼ੋਕ ਤਾਇਲ, ਸੱਤਪਾਲ ਬਾਂਸਲ, ਦਿਪਾਂਸ਼ੂ ਗੋਇਲ, ਵਰੁਨ ਲੋਹੀਆ, ਸੰਜੀਵ ਕੁਮਾਰ ਬਾਂਸਲ, ਸਾਹਿਲ ਮਿੱਤਲ, ਰਿੰਕੂ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਮਾਪੇ ਅਤੇ ਸ਼ਹਿਰ/ਪਿੰਡਾਂ ਦੇ ਪ੍ਰਮੁੱਖ ਵਿਅਕਤੀ ਹਾਜ਼ਰ ਰਹੇ। ਸਨਮਾਨ ਸਮਾਰੋਹ ਤੋਂ ਪਹਿਲਾਂ ਵਿਦਿਆਰਥੀਆਂ ਦੇ ਸਨਮਾਨ ਵਿਚ ਪੂਰੇ ਸ਼ਹਿਰ ਵਿਚ ਇਕ ਸ਼ਾਨਦਾਰ ਰੋਡ ਸ਼ੋਅ ਕੱਢਿਆ ਗਿਆ। ਸਜੇ-ਧਜੇ ਕਾਫ਼ਲੇ ਨਾਲ ਵਿਦਿਆਰਥੀਆਂ ਨੂੰ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਲੰਘਾਇਆ ਗਿਆ, ਜਿੱਥੇ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਵਧਾਈਆਂ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸਕੂਲ ਪਹੁੰਚਣ ’ਤੇ ਸਭ ਤੋਂ ਪਹਿਲਾਂ ਮਾਂ ਸਰਸਵਤੀ ਦੇ ਚਰਨਾਂ ਵਿਚ ਨਮਨ ਕਰਕੇ ਅਸ਼ੀਰਵਾਦ ਲਿਆ ਗਿਆ। ਇਸ ਉਪਰੰਤ ਸਕੂਲ ਪ੍ਰੰਗਣ ਵਿਚ ਵਿਦਿਆਰਥੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਪੰਜਾਬ ਭਰ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ ਨੂੰ 51 ਹਜ਼ਾਰ ਰੁਪਏ ਦੇ ਚੈੱਕ ਨਾਲ ਸਨਮਾਨਿਤ ਕੀਤਾ ਗਿਆ। ਮੈਰਿਟ ਵਿਚ ਸਥਾਨ ਹਾਸਲ ਕਰਨ ਵਾਲੀਆਂ ਤਿੰਨਾਂ ਵਿਦਿਆਰਥਣਾਂ ਨੂੰ 5100-5100 ਰੁਪਏ ਦੇ ਨਕਦ ਇਨਾਮ ਦਿੱਤੇ ਗਏ, ਜਦਕਿ 95 ਪ੍ਰਤੀਸ਼ਤ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ 1100-1100 ਰੁਪਏ ਦੇ ਇਨਾਮਾਂ ਨਾਲ ਸਨਮਾਨਿਆ ਗਿਆ। ਇਸ ਮੌਕੇ ਵਿਦਿਆਰਥਣ ਹਰਲੀਨ ਸ਼ਰਮਾ ਦੇ ਪਿਤਾ ਜਸਵਿੰਦਰ ਕੁਮਾਰ, ਮਾਤਾ ਰੇਣੂ ਬਾਲਾ, ਦਾਦਾ ਪਰਗਟ ਸ਼ਰਮਾ, ਦਾਦੀ ਪ੍ਰੇਮ ਦੇਵੀ, ਚਾਚਾ ਸੁਰਜੀਤ ਰਾਮ, ਚਾਚੀ ਕੁਲਦੀਪ ਕੌਰ, ਭਰਾ ਰਹਿਮਤ ਸ਼ਰਮਾ, ਮਿਹਰ ਸਿੰਘ ਕਰੀਰਵਾਲੀ, ਲਛਮਣ ਸਿੰਘ, ਭਗਵੰਤ ਸਿੰਘ, ਸਰਪੰਚ ਅਮਨਦੀਪ ਕੌਰ, ਕਮਰਜੀਤ ਸਿੰਘ, ਨਾਇਬ ਸਿੰਘ ਨੰਬਰਦਾਰ, ਅਵਤਾਰ ਸਿੰਘ, ਸਕੂਲ ਦੇ ਡੀ.ਪੀ.ਈ. ਸੁਖਜੀਤ ਸਿੰਘ, ਅਕਾਊਂਟੈਟ ਨਰੇਸ਼ ਗੋਇਲ ਆਦਿ ਹਾਜ਼ਰ ਸਨ।