ਸੰਜੇ ਨਗਰ ਵਾਸੀਆਂ ਨੇ ਚੋਣਾਂ ਦਾ ਕੀਤਾ ਬਾਈਕਾਟ
ਫਰੀਦਕੋਟ ਦੇ ਸੰਜੇ ਨਗਰ ਵਿੱਚ ਲੋਕਾਂ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ: "ਪਹਿਲਾਂ ਗਲੀ ਬਣਾਓ, ਫਿਰ ਵੋਟ ਲਵੋ"
Publish Date: Sun, 17 May 2026 04:39 PM (IST)
Updated Date: Mon, 18 May 2026 04:04 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਫਰੀਦਕੋਟ ਦੇ ਸੰਜੇ ਨਗਰ (ਗਲੀ ਨੰਬਰ 1) ਦੇ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਦੇ ਲਾਰੇ-ਲੱਪਿਆਂ ਤੋਂ ਤੰਗ ਆ ਕੇ ਨਗਰ ਕੌਂਸਲ ਚੋਣਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਇਲਾਕਾ ਨਿਵਾਸੀਆਂ ਵਿੱਚ ਵਿਕਾਸ ਕਾਰਜ ਨਾ ਹੋਣ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲਗਭਗ 15 ਸਾਲਾਂ ਤੋਂ ਇਸ ਮੁੱਖ ਗਲੀ ਦੀ ਹਾਲਤ ਬੇਹੱਦ ਖਸਤਾ ਹੈ, ਜਿੱਥੇ ਜੇ.ਸੀ.ਬੀ. ਲਗਾ ਕੇ ਸੜਕ ਤਾਂ ਪੁੱਟ ਦਿੱਤੀ ਗਈ ਪਰ ਇਸ ਨੂੰ ਦੁਬਾਰਾ ਪੱਕਾ ਨਹੀਂ ਕੀਤਾ ਗਿਆ। ਸਥਾਨਕ ਲੋਕਾਂ ਅਨੁਸਾਰ, ਹਰ ਵਾਰ ਚੋਣਾਂ ਵੇਲੇ ਸਿਆਸੀ ਆਗੂਆਂ ਵੱਲੋਂ ਮਤਾ ਪਾਸ ਹੋਣ ਅਤੇ ਫੰਡ ਆਉਣ ਦੇ ਨਾਂ ਤੇ ਸਿਰਫ਼ ਮਿੱਠੀਆਂ ਗੋਲੀਆਂ ਹੀ ਦਿੱਤੀਆਂ ਜਾਂਦੀਆਂ ਹਨ, ਜਦਕਿ ਜ਼ਮੀਨੀ ਪੱਧਰ ਤੇ ਸੀਵਰੇਜ ਅਤੇ ਨਾਲੀਆਂ ਦੀ ਮਾੜੀ ਹਾਲਤ ਕਾਰਨ ਉਨ੍ਹਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਇਸ ਵਾਰ ਸੰਜੇ ਨਗਰ ਵਾਸੀਆਂ ਨੇ ਇੱਕਜੁੱਟ ਹੋ ਕੇ ਸਿਆਸੀ ਲੀਡਰਾਂ ਨੂੰ ਸਿੱਧਾ ਸੁਨੇਹਾ ਦਿੱਤਾ ਹੈ ਕਿ ਪਹਿਲਾਂ ਗਲੀ ਬਣਾਓ, ਫਿਰ ਵੋਟ ਲਵੋ। ਲੋਕਾਂ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਲੀਡਰ ਉਨ੍ਹਾਂ ਦੀ ਗਲੀ ਵਿੱਚ ਚੋਣ ਪ੍ਰਚਾਰ ਕਰਨ, ਪੋਸਟਰ ਲਗਾਉਣ ਜਾਂ ਝੰਡੇ ਟੰਗਣ ਨਾ ਆਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕੋਈ ਆਗੂ ਇੰਟਰਲਾਕ ਟਾਈਲਾਂ ਲਗਵਾ ਕੇ ਗਲੀ ਬਣਾਉਣ ਦਾ ਪੁਖਤਾ ਭਰੋਸਾ ਨਹੀਂ ਦਿੰਦਾ, ਤਾਂ ਉਹ ਚੋਣਾਂ ਵਾਲੇ ਦਿਨ ਆਪਣੀਆਂ ਵੋਟ ਪਰਚੀਆਂ ਮੀਡੀਆ ਦੇ ਸਾਹਮਣੇ ਪਾੜ ਕੇ ਸੁੱਟਣਗੇ ਪਰ ਵੋਟ ਨਹੀਂ ਪਾਉਣਗੇ। ਚੋਣਾਂ ਤੋਂ ਐਨ ਪਹਿਲਾਂ ਸੰਜੇ ਨਗਰ ਦੇ ਲੋਕਾਂ ਦਾ ਇਹ ਗੁੱਸਾ ਪੂਰੇ ਫਰੀਦਕੋਟ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਪ੍ਰਸ਼ਾਸਨ ਚੋਣਾਂ ਤੋਂ ਪਹਿਲਾਂ ਕੋਈ ਕਾਰਵਾਈ ਕਰੇਗਾ ਜਾਂ ਫਿਰ ਇਹ ਮੰਗ ਸਿਰਫ਼ ਵਾਅਦਿਆਂ ਤੱਕ ਹੀ ਸੀਮਤ ਰਹਿ ਜਾਵੇਗੀ।