ਸਫ਼ਾਈ ਸੇਵਕਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ
ਸਫ਼ਾਈ ਸੇਵਕਾਂ ਵੱਲੋਂ ਆਪਣੇ ਹੱਕਾਂ ਅਤੇ
Publish Date: Wed, 13 May 2026 03:58 PM (IST)
Updated Date: Thu, 14 May 2026 04:00 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸਫ਼ਾਈ ਸੇਵਕਾਂ ਵੱਲੋਂ ਆਪਣੇ ਹੱਕਾਂ ਅਤੇ ਮੰਗਾਂ ਲਈ ਚਲਾਏ ਜਾ ਰਹੇ ਧਰਨੇ ਨੂੰ ਹੁਣ ਵੱਖ-ਵੱਖ ਕਿਰਤੀ ਅਤੇ ਸਮਾਜਿਕ ਜਥੇਬੰਦੀਆਂ ਦੀ ਮਜ਼ਬੂਤ ਹਮਾਇਤ ਮਿਲਣੀ ਸ਼ੁਰੂ ਹੋ ਗਈ ਹੈ। ਇਸੇ ਤਹਿਤ ਕਿਰਤੀਆਂ ਦੇ ਰਾਖੇ ਮੋਰਚਾ ਪੰਜਾਬ ਵੱਲੋਂ ਸਫ਼ਾਈ ਸੇਵਕਾਂ ਦੇ ਚੱਲ ਰਹੇ ਸੰਘਰਸ਼ ਨੂੰ ਡਟਵੀਂ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਰਤੀਆਂ ਦੇ ਰਾਖੇ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਨੇ ਕਿਹਾ ਕਿ ਪੰਜਾਬ ਭਰ ਵਿਚ ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੇ ਹੱਕਾਂ ਲਈ ਚਲਾਈ ਗਈ ਲਹਿਰ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਪਿਛਲੇ ਲੰਮੇ ਸਮੇਂ ਤੋਂ ਘੱਟ ਤਨਖ਼ਾਹਾਂ ‘ਤੇ ਸ਼ਹਿਰਾਂ ਅਤੇ ਕਸਬਿਆਂ ਦੀ ਸਫ਼ਾਈ ਦਾ ਭਾਰੀ ਕੰਮ ਕਰ ਰਹੇ ਹਨ ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਦੁਰਘਟਨਾ ਦੌਰਾਨ ਸਫ਼ਾਈ ਸੇਵਕਾਂ ਨੂੰ ਯੋਗ ਮੁਆਵਜ਼ਾ ਨਾ ਦੇਣਾ ਸਰਕਾਰਾਂ ਦੀ ਨਾਕਾਮੀ ਅਤੇ ਸ਼ਰਮਨਾਕ ਗੱਲ ਹੈ। ਸਫ਼ਾਈ ਕਰਮਚਾਰੀ ਹਰ ਰੋਜ਼ ਆਪਣੀ ਜਾਨ ਜੋਖ਼ਿਮ ’ਚ ਪਾ ਕੇ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਪ੍ਰਦਾਨ ਕਰਦੇ ਹਨ ਪਰ ਉਨ੍ਹਾਂ ਦੇ ਹੱਕਾਂ ਅਤੇ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਜਸਵੀਰ ਸਿੰਘ ਗਲੋਟੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਸੂਬਾ ਪੱਧਰ ’ਤੇ ਚਲਾਏ ਜਾਣ ਵਾਲੇ ਸੰਘਰਸ਼ਾਂ ਵਿਚ ਕਿਰਤੀਆਂ ਦੇ ਰਾਖੇ ਮੋਰਚਾ ਪੰਜਾਬ ਵੱਲੋਂ ਪੂਰੀ ਤਾਕਤ ਨਾਲ ਭਾਗ ਲਿਆ ਜਾਵੇਗਾ ਅਤੇ ਹਰ ਪੱਧਰ ’ਤੇ ਸਫ਼ਾਈ ਸੇਵਕ ਜਥੇਬੰਦੀਆਂ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਤੋਂ ਇਲਾਵਾ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ, ਸੂਬਾ ਸਹਾਇਕ ਵਿੱਤ ਸਕੱਤਰ ਹਰਜਿੰਦਰ ਸਿੰਘ, ਪ੍ਰਧਾਨ ਰਵੀ ਕੁਮਾਰ, ਸਫਾਈ ਸੇਵਕ ਯੂਨੀਅਨ ਕੋਟ ਈਸੇ ਖਾਂ ਦੇ ਵਾਈਸ ਪ੍ਰਧਾਨ ਸੁਖਚੈਨ ਸਿੰਘ, ਸੈਕਟਰੀ ਪਰਮਜੀਤ ਸਿੰਘ ਜੌਹਲ, ਸਲਾਹਕਾਰ ਰਮੇਸ਼ ਕੁਮਾਰ ਲਾਡੀ, ਹਰਭਜਨ ਸਿੰਘ, ਦੀਪਕ ਕੁਮਾਰ, ਅਮਰਦੀਪ ਸਿੰਘ, ਜਗਜੀਤ ਸਿੰਘ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।