ਸਫਾਈ ਸੇਵਕਾਂ ਦੀ ਹੜਤਾਲ ਜਾਰੀ, ਸੜਕਾਂ ਬਣੀਆਂ ਕੂੜੇ ਦਾ ਡੰਪ
ਸਫਾਈ ਸੇਵਕਾਂ ਦੀ ਹੜਤਾਲ ਜਾਰੀ, ਸੜਕਾਂ ਬਣੀਆਂ ਕੂੜੇ ਦਾ ਡੰਪ
Publish Date: Mon, 11 May 2026 06:20 PM (IST)
Updated Date: Mon, 11 May 2026 06:21 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ ਤੇ ਮਲੋਟ ਦੇ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਛੇਵੇਂ ਦਿਨ ਵੀ ਜਾਰੀ ਰਹੀ। ਆਪਣੀਆਂ ਮੰਗਾਂ ਨੂੰ ਲੈ ਕੇ ਸਫਾਈ ਕਾਮੇ ਲਗਾਤਾਰ ਹੜਤਾਲ ’ਤੇ ਅੜੇ ਹੋਏ ਹਨ। ਇਸ ਦੌਰਾਨ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ’ਚ ਧਰਨੇ ’ਤੇ ਬੈਠੇ ਆਗੂਆਂ ਤੇ ਸਫਾਈ ਕਾਮਿਆਂ ਨੇ ਸੂਬਾ ਸਰਕਾਰ ਖਿਲਾਫ਼ ਜੰਮਕੇ ਆਪਣੀ ਭੜਾਸ ਕੱਢੀ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਆਗੂਆਂ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਸੁਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਮੰਗਾਂ ਨੂੰ ਸਰਕਾਰ ਅਣਗੌਲਿਆ ਕਰ ਰਹੀ ਹੈ ਤੇ ਟਾਲ ਮਟੋਲ ਵਾਲੀ ਨੀਤੀ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਹੜਤਾਲ ਜਾਰੀ ਰੱਖਣਗੇ। ਗਲੀਆਂ, ਬਜ਼ਾਰਾਂ ’ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਸਫਾਈ ਕਾਮਿਆਂ ਦੀ ਹੜਤਾਲ ਕਾਰਨ ਪੂਰੇ ਇਲਾਕੇ ’ਚ ਕੂੜੇ ਦੇ ਢੇਰ ਲੱਗ ਗਏ ਹਨ। ਮੁਕਤਸਰ ਨਗਰ ਕੌਂਸਲ ਦਫ਼ਤਰ ਦੇ ਬਾਹਰ ਕੂੜੇ ਦਾ ਡੰਪ ਬਣ ਗਿਆ ਹੈ ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰ ਮੂੰਹ ਢੱਕਣ ਲਈ ਮਜ਼ਬੂਰ ਹੋ ਜਾਂਦੇ ਹਨ। ਸ਼ਹਿਰ ਦੀਆਂ ਗਲੀਆਂ, ਬਜ਼ਾਰਾਂ ’ਚ ਥਾਂ ਥਾਂ ਕੂੜਾ ਖਿਲਰਿਆ ਹੋਇਆ ਹੈ ਜਿਸ ਨਾਲ ਦੁਕਾਨਦਾਰ ਤੇ ਰਾਹਗੀਰ ਵੀ ਪ੍ਰਭਾਵਿਤ ਹੋ ਰਹੇ ਹਨ। ਮੁਕਤਸਰ ’ਚ ਰੋਜ਼ਾਨਾ 15 ਟਨ ਤੋਂ ਵੱਧ ਕੂੜਾ ਨਿਕਲਦਾ ਹੈ ਤੇ ਹੁਣ ਤੱਕ ਕਰੀਬ 100 ਟਨ ਕੂੜਾ ਇਕੱਠਾ ਹੋ ਚੁੱਕਾ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪੇਟ ਸਬੰਧੀ ਰੋਗਾਂ ’ਚ ਹੋ ਸਕਦਾ ਵਾਧਾ : ਐੱਸਐੱਮਓ ਡਾ. ਸਚਦੇਵਾ ਐਸਐਮਓ ਡਾ. ਰਾਜੀਵ ਸਚਦੇਵਾ ਨੇ ਕਿਹਾ ਕਿ ਕੂੜੇ ਦੇ ਢੇਰਾਂ ਕਾਰਨ ਗੰਦਗੀ ਫੈਲਦੀ ਹੈ ਤੇ ਕੀਟਾਣੂਆਂ ’ਚ ਵਾਧਾ ਹੁੰਦਾ ਹੈ। ਗੰਦਗੀ ਕਾਰਨ ਮੱਛਰ ਤੇ ਮੱਖੀਆਂ ਪਨਪਦੀਆਂ ਹਨ। ਉਨ੍ਹਾਂ ਕਿਹਾ ਕਿ ਮੱਛਰ ਨਾਲ ਡੇਂਗੂ ਆਦਿ ਬਿਮਾਰੀਆਂ ਦਾ ਡਰ ਰਹਿੰਦਾ ਹੈ ਜਦਕਿ ਮੱਖੀਆਂ ਦੇ ਵਾਧੇ ਕਾਰਨ ਮੱਖੀਆਂ ਫਲਾਂ, ਸਬਜੀਆਂ ’ਤੇ ਬੈਠਦੀਆਂ ਹਨ ਤੇ ਕੀਟਾਣੂ ਪੈਦਾ ਹੁੰਦੇ ਹਨ ਜਿਸ ਕਾਰਨ ਟਾਈਫਾਇਡ ਤੇ ਪੇਟ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ। ਮੰਗਾਂ ਦੀ ਪੂਰਤੀ ਤੱਕ ਹੜਤਾਲ ਜਾਰੀ ਰਹੇਗੀ : ਯੂਨੀਅਨ ਸਫਾਈ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਵਿਜੈ ਕੁਮਾਰ, ਮੰਗਤ ਰਾਮ, ਸੁਰੇਸ਼ ਕੁਮਾਰ, ਵਿਸ਼ਾਲ ਤੇ ਰਾਜ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਕਰੀਬ 200 ਕਰਚਮਾਰੀ ਹੜਤਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਹੱਕੀ ਮੰਗਾਂ ਦੀ ਪੂਰਤੀ ਤੱਕ ਹੜਤਾਲ ਲਗਾਤਾਰ ਜਾਰੀ ਰਹੇਗੀ। ਆਉਣ ਵਾਲੇ ਦਿਨਾਂ ’ਚ ਸੂਬਾ ਆਗੂਆਂ ਦੇ ਸੱਦੇ ’ਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।