ਸਫ਼ਾਈ ਕਾਮਿਆਂ ਵੱਲੋਂ ਮੁਕਤਸਰ ਸ਼ਹਿਰ ਤੇ ਮੰਡੀ ਬਰੀਵਾਲਾ ਵਿਖ਼ੇ ਮੁਜ਼ਾਹਰਾ
ਸਫ਼ਾਈ ਕਾਮਿਆਂ ਵੱਲੋਂ ਮੁਕਤਸਰ ਸ਼ਹਿਰ ਤੇ ਮੰਡੀ ਬਰੀਵਾਲਾ ਵਿਖ਼ੇ ਮੁਜਾਹਰਾ
Publish Date: Wed, 13 May 2026 06:39 PM (IST)
Updated Date: Wed, 13 May 2026 06:42 PM (IST)

-ਜਨਤਕ ਜਥੇਬੰਦੀਆਂ ਨੇ ਕੀਤੀ ਸਫ਼ਾਈ ਕਾਮਿਆਂ ਦੇ ਮੁਜਾਹਰੇ ’ਚ ਸ਼ਮੂਲੀਅਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੂਬਾ ਪੱਧਰੀ ਸੱਦੇ ਤੇ ਸਫ਼ਾਈ ਸੇਵਕ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਪਣੀਆਂ ਹੱਕ਼ੀ ਮੰਗਾਂ ਲਈ ਮੁਕਤਸਰ ਅਤੇ ਮੰਡੀ ਬਰੀਵਾਲਾ ਦੇ ਬਜ਼ਾਰ ਵਿੱਚ ਵਿਸ਼ਾਲ ਮੁਜਾਹਰਾ ਕੀਤਾ। ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ, ਬਲਾਕ ਪ੍ਰਧਾਨ ਰਾਜ ਕੁਮਾਰ, ਵੈਲਫ਼ੇਅਰ ਸੋਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਕੁਮਾਰ ਅਤੇ ਮੀਤ ਪ੍ਰਧਾਨ ਸਿਕੰਦਰ ਨੇ ਕਿਹਾ ਕਿ ਅੱਜ ਕੰਮ ਛੋੜ ਹੜਤਾਲ ਨੂੰ ਪੂਰੇ 8 ਦਿਨ ਪੂਰੇ ਹੋ ਗਏ ਹਨ ਪਰ ਪੰਜਾਬ ਸਰਕਾਰ ਦੇ ਕੰਨ ਉੱਪਰ ਜੂੰ ਨਹੀਂ ਸਰਕ ਰਹੀ।ਕੇਂਦਰ ਸਰਕਾਰ ਦੀ ਪੈੜ ਚ ਪੈਰ ਧਰਦੀ ਹੋਈ ਭਗਵੰਤ ਮਾਨ ਸਰਕਾਰ ਹਰ ਮਹਿਕਮੇ ਦਾ ਨਿੱਜੀਕਰਨ ਕਰ ਰਹੀ ਹੈ।ਸਰਕਾਰ ਲਗਾਤਾਰ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਕੇ ਠੇਕੇਦਾਰੀ ਸਿਸਟਮ ਪ੍ਰਫੁੱਲਿਤ ਕਰ ਰਹੀ ਹੈ। ਇਸ ਦਾ ਸਭ ਤੋਂ ਵੱਡਾ ਅਸਰ ਮਜ਼ਦੂਰਾਂ ਤੇ ਹੋ ਰਿਹਾ ਹੈ। ਸ਼ੁਰੂ ਤੋਂ ਹੀ ਸਫਾਈ ਕਾਮਿਆਂ ਨੂੰ ਕੰਟ੍ਰੈਕਟ ਤੇ ਭਰਤੀ ਕੀਤਾ ਹੋਇਆ ਹੈ। ਐਨੀ ਮਹਿੰਗਾਈ ਚ ਵੀ ਇਹ ਕਾਮੇ ਸਿਰਫ਼ ਦਸ ਹਜ਼ਾਰ ਦੀ ਤਨਖਾਹ ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ, ਉਹ ਵੀ ਸਮੇਂ ਸਿਰ ਨਹੀਂ ਆਉਂਦੀ। ਮੁੱਖ ਮੰਤਰੀ ਭਗਵੰਤ ਮਾਨ ਜੋ ਚੋਣਾਂ ਦੇ ਦਿਨਾਂ ਚ ਵੱਡੇ ਵੱਡੇ ਰੋਡ ਸ਼ੋਅ ਕਰ ਰਿਹਾ ਹੈ,ਵੱਡੀਆਂ ਵੱਡੀਆਂ ਫੜ੍ਹਾ ਮਾਰ ਰਿਹਾ ਹੈ। ਮਜ਼ਦੂਰਾਂ ਦੇ ਘਰਾਂ ਚ ਸੂਰਜ ਮਘਾਉਣ ਦੀ ਗੱਲਾਂ ਕਰਨ ਵਾਲਾ ਅੱਜ ਸਫਾਈ ਕਾਮਿਆਂ ਵੱਲ ਝਾਕਣ ਲਈ ਵੀ ਤਿਆਰ ਨਹੀਂ। ਮੰਡੀ ਬਰੀਵਾਲਾ ਦੇ ਬਲਾਕ ਪ੍ਰਧਾਨ ਰਾਹੁਲ ਤਮੋਲੀ, ਮੀਤ ਪ੍ਰਧਾਨ ਸੁਰਜੀਤ ਸਿੰਘ ਅਤੇ ਮੇਟ ਰਤਨ ਲਾਲ ਨੇ ਕਿਹਾ ਕਿ ਹਾਲ ਇਹ ਹੋਇਆ ਪਿਆ ਕਿ ਮੰਡੀ ਬਰੀਵਾਲਾ ਵਿੱਚ ਤਾਂ ਕਾਮਿਆਂ ਦੀ ਗਿਣਤੀ ਵੀ ਪੂਰੀ ਨਹੀਂ।50 ਬੰਦਿਆ ਦਾ ਕੰਮ ਸਿਰਫ਼ 13 ਕਰਮਚਾਰੀਆਂ ਤੋਂ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਕੁਝ ਰਿਟਾਇਰ ਹੋਣ ਦੇ ਨੇੜੇ ਹਨ। ਇਸ ਤੋਂ ਇਲਾਵਾ 13 ਮਹੀਨੇ ਪਹਿਲਾਂ ਨਗਰ ਪੰਚਾਇਤ ਬਰੀਵਾਲਾ ਨੇ ਜੋ ਭਰਤੀ ਕੀਤੀ ਉਸ ਵਿਚੋਂ ਵੀ 8 ਕਰਮਚਾਰੀ ਅਜੇ ਤੱਕ ਜੋਇਨਿੰਗ ਦੀ ਉਡੀਕ ਕਰ ਰਹੇ ਹਨ। ਉਹਨਾਂ ਮੰਗ ਕੀਤੀ ਕਿ ਵੇਟਿੰਗ ਲਿਸਟ ਨੂੰ ਵੀ ਬਹਾਲ ਕੀਤਾ ਜਾਵੇ।ਆਗੂਆਂ ਨੇ ਕਿਹਾ ਕਿ ਜਿਨ੍ਹਾਂ ਸਮਾਂ ਸਰਕਾਰ ਕੱਚੇ ਮੁਲਾਜ਼ਮ ਪੱਕੇ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਘੱਟੋ-ਘੱਟ ਤਨਖਾਹ 40,000 ਰੁਪਏ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਸਮੇਤ ਸਾਰੀਆਂ ਮੰਗਾਂ ਨੂੰ ਨਹੀਂ ਮੰਨਦੀ ਉਹਨਾਂ ਸਮਾਂ ਇਹ ਹੜਤਾਲ ਜਾਰੀ ਰਹੇਗੀ ਅਤੇ ਨਾਲ ਹੀ ਉਨ੍ਹਾਂ ਨੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਝਬੇਲਵਾਲੀ,ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ, ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸਿੰਘ ਢਿੱਲਵਾਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਬਲਜੀਤ ਸਿੰਘ ਭੱਟੀ ਨੇ ਸਮਰਥਨ ਕਰਦਿਆਂ ਸੰਬੋਧਨ ਕੀਤਾ। ਇਸ ਮੌਕੇ ਗੁਰਦੀਪ ਸਿੰਘ, ਸੂਬਾ ਸਿੰਘ, ਅਜੈ ਕੁਮਾਰ, ਵਿਕਰਮ ਕੁਮਾਰ,ਸਿਕੰਦਰ ਸਿੰਘ, ਛੋਟੂ ਰਾਮ,ਸੁਨੀਲ ਕੁਮਾਰ,ਧਰਮਪਾਲ,ਰਜਿੰਦਰ ਕੁਮਾਰ ਰਿੰਕੂ, ਸੋਹਿਤ, ਨੌਨਿਹਾਲ ਸਿੰਘ ਥਾਂਦੇਵਾਲਾ ਅਤੇ ਹੋਰ ਸਫਾਈ ਕਾਮੇ ਮੌਜੂਦ ਸਨ।