ਸਫਾਈ ਸੇਵਕਾਂ ਨੇ ਮੋਗਾ ਨਗਰ ਨਿਗਮ ਅੱਗੇ ਕੀਤਾ ਰੋਸ ਮੁਜ਼ਾਹਰਾ
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,
Publish Date: Wed, 20 May 2026 04:53 PM (IST)
Updated Date: Thu, 21 May 2026 04:02 AM (IST)

ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਅਤੇ ਵੱਖ-ਵੱਖ ਕੈਟਾਗਰੀਆਂ ਦੇ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਲਿਆਂਦੇ ਜਾਣ ਦੇ ਵਿਰੋਧ ਸਮੇਤ ਹੋਰ ਮੰਗਾਂ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਪੰਜਾਬ ਅਤੇ ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਲਗਾਤਾਰ ਜਾਰੀ ਹੈ। ਇਸ ਤਹਿਤ ਮੋਗਾ ਨਗਰ ਨਿਗਮ ਦਫ਼ਤਰ ਅੱਗੇ ਵੱਡਾ ਰੋਸ ਧਰਨਾ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ, ਜਿਸ ਵਿਚ ਵੱਖ-ਵੱਖ ਯੂਨੀਅਨਾਂ ਦੇ ਮੁਲਾਜ਼ਮਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨਾਲ ਹੁਣ ਤੱਕ ਦੋ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕਿਸੇ ਵੀ ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਨਗਰ ਨਿਗਮ ਚੋਣਾਂ ਨੇੜੇ ਹਨ ਅਤੇ ਸਾਰੇ ਕੌਂਸਲਰਾਂ ਨੂੰ ਇਸ ਹੜਤਾਲ ਬਾਰੇ ਪੂਰੀ ਜਾਣਕਾਰੀ ਹੈ, ਪਰ ਕਿਸੇ ਵੀ ਕੌਂਸਲਰ ਨੇ ਮੁਲਾਜ਼ਮਾਂ ਦੇ ਹੱਕ ਵਿਚ ਆ ਕੇ ਸਾਥ ਨਹੀਂ ਦਿੱਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਕੱਚੇ ਮੁਲਾਜ਼ਮ ਸਿਰਫ਼ 10 ਹਜ਼ਾਰ ਰੁਪਏ ਤਨਖ਼ਾਹ ਵਿਚ ਆਪਣਾ ਘਰ ਚਲਾਉਣ ਲਈ ਮਜਬੂਰ ਹਨ, ਜੋ ਮੌਜੂਦਾ ਮਹਿੰਗਾਈ ਦੇ ਦੌਰ ਵਿਚ ਬਹੁਤ ਘੱਟ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਪੰਜਾਬ ਪੱਧਰ ’ਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਨੇ ਵੀ ਹੜਤਾਲ ਨੂੰ ਆਪਣਾ ਸਮਰਥਨ ਦਿੱਤਾ। ਧਰਨੇ ਵਿਚ ਕਿਸਾਨ ਆਗੂ ਨਿਰਭੈ ਸਿੰਘ, ਈ-ਰਿਕਸ਼ਾ ਯੂਨੀਅਨ, ਨੌਜਵਾਨ ਭਾਰਤ ਸਭਾ, ਵਾਲਮੀਕਿ ਸਭਾ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ। ਅੱਜ ਦੇ ਧਰਨੇ ਵਿਚ ਮਿਊਂਸੀਪਲ ਇੰਪਲਾਈਜ਼ ਫੈੱਡਰੇਸ਼ਨ ਦੇ ਜਨਰਲ ਸਕੱਤਰ ਵਿਖੀ ਬੋਹਤ, ਚੀਫ਼ ਸਕੱਤਰ ਨਿਰੋਤਮ ਬੋਹਤ, ਕੈਸ਼ੀਅਰ ਜੋਗਿੰਦਰ ਭੁੱਲਰ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੌਂਬਰ, ਜਨਰਲ ਸਕੱਤਰ ਵਿਸ਼ਵਨਾਥ ਜੋਨੀ, ਚੇਅਰਮੈਨ ਰਜਿੰਦਰ ਗੰਗੂ, ਚੀਫ਼ ਸਕੱਤਰ ਰਵੀ ਸਰਵਾਣ, ਆਫਿਸਰ ਯੂਨੀਅਨ ਤੋਂ ਰਵੀ ਚਾਵਰੀਆ, ਬੇਲਦਾਰ ਯੂਨੀਅਨ ਤੋਂ ਪ੍ਰਵੀਨ ਕੁਮਾਰ, ਫਾਇਰ ਬ੍ਰਿਗੇਡ ਯੂਨੀਅਨ ਤੋਂ ਜਗਤਾਰ ਸਿੰਘ, ਸੀਵਰੇਜ ਯੂਨੀਅਨ ਦੇ ਪ੍ਰਧਾਨ ਮੰਗਤ ਰਾਮ, ਦਫ਼ਤਰੀ ਯੂਨੀਅਨ ਦੇ ਪ੍ਰਧਾਨ ਸੁਖਪਾਲ ਸੌਦਾ, ਰਿਟਾਇਰਮੈਂਟ ਯੂਨੀਅਨ ਤੋਂ ਹਰਿਕ੍ਰਿਸ਼ਨ ਬੋਹਤ, ਸੀਨੀਅਰ ਆਗੂ ਮਦਨ ਲਾਲ ਬੋਹਤ, ਸਤਪਾਲ ਅੰਜਾਨ ਸਮੇਤ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਮੁਲਾਜ਼ਮ ਹਾਜ਼ਰ ਸਨ।