ਸਫ਼ਾਈ ਸੇਵਕ ਯੂਨੀਅਨ ਵੱਲੋਂ

ਪਵਨ ਗਰਗ, ਪੰਜਾਬੀ ਜਾਗਰਣ ਬਾਘਾ ਪੁਰਾਣਾ: ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਦੀ ਸਫ਼ਾਈ ਵਿਵਸਥਾ ਮੁੜ ਪਟੜੀ ’ਤੇ ਆਉਣ ਲੱਗੀ ਹੈ। ਲਗਾਤਾਰ ਕਰੀਬ 16 ਦਿਨ ਤੱਕ ਚੱਲੀ ਇਸ ਹੜਤਾਲ ਦੇ ਕਾਰਨ ਸ਼ਹਿਰ ਵਿਚ ਸਫ਼ਾਈ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ, ਜਿਸ ਨਾਲ ਹਰ ਪਾਸੇ ਗੰਦਗੀ ਦੇ ਢੇਰ ਲੱਗ ਗਏ ਸਨ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜ਼ਿਕਰਯੋਗ ਹੈ ਕਿ ਸਫ਼ਾਈ ਸੇਵਕ ਯੂਨੀਅਨ ਵੱਲੋਂ 6 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਯੂਨੀਅਨ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਨਾਅਰੇਬਾਜ਼ੀ ਕੀਤੀ ਗਈ। ਹੜਤਾਲ 21 ਮਈ ਤੱਕ ਜਾਰੀ ਰਹੀ, ਜਿਸ ਕਾਰਨ ਸ਼ਹਿਰ ਦੀ ਦਿਨਚਰੀ ਜ਼ਿੰਦਗੀ ’ਤੇ ਵੀ ਇਸ ਦਾ ਅਸਰ ਸਾਫ਼ ਤੌਰ ’ਤੇ ਵੇਖਣ ਨੂੰ ਮਿਲਿਆ। ਹੜਤਾਲ ਦੇ ਦੌਰਾਨ ਸ਼ਹਿਰ ਦੀਆਂ ਸੜਕਾਂ, ਗਲੀਆਂ ਅਤੇ ਮੁਹੱਲਿਆਂ ਵਿਚ ਕੂੜੇ ਦੇ ਢੇਰ ਲੱਗ ਗਏ ਸਨ। ਨਾਲੀਆਂ ਅਤੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਰ ਕੇ ਉਨ੍ਹਾਂ ਵਿਚ ਗੰਦਾ ਪਾਣੀ ਜਮ੍ਹਾ ਹੋ ਗਿਆ ਸੀ, ਜਿਸ ਨਾਲ ਬਦਬੂ ਫ਼ੈਲ ਰਹੀ ਸੀ। ਉੱਪਰੋਂ ਗਰਮੀ ਦੇ ਮੌਸਮ ਕਾਰਨ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਸਨ। ਸ਼ਹਿਰ ਵਾਸੀਆਂ ਵਿਚ ਇਹ ਡਰ ਵੀ ਪੈਦਾ ਹੋ ਗਿਆ ਸੀ ਕਿ ਜੇਕਰ ਇਹ ਹੜਤਾਲ ਹੋਰ ਲੰਬੀ ਚੱਲੀ ਤਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਫੈਲ ਸਕਦੀ ਹੈ। ਇਸ ਮਸਲੇ ਦਾ ਹੱਲ ਉਸ ਵੇਲੇ ਨਿਕਲਿਆ ਜਦੋਂ ਬੀਤੀ ਸ਼ਾਮ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਸਫ਼ਾਈ ਸੇਵਕ ਯੂਨੀਅਨ ਦੇ ਮੁੱਖ ਨੁਮਾਇੰਦਿਆਂ ਵਿਚਕਾਰ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਯੂਨੀਅਨ ਦੀਆਂ ਮੰਗਾਂ ’ਤੇ ਸਹਿਮਤੀ ਬਣ ਗਈ, ਜਿਸ ਤੋਂ ਬਾਅਦ ਯੂਨੀਅਨ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਸਹਿਮਤੀ ਬਣਨ ਦੇ ਤੁਰੰਤ ਬਾਅਦ ਅੱਜ ਸਵੇਰੇ ਹੀ ਬਾਘਾ ਪੁਰਾਣਾ ਦੇ ਸਫ਼ਾਈ ਸੇਵਕ ਆਪਣੀ ਡਿਊਟੀ ’ਤੇ ਵਾਪਸ ਆ ਗਏ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਸਫ਼ਾਈ ਕੰਮ ਸ਼ੁਰੂ ਕਰ ਦਿੱਤਾ। ਸਫ਼ਾਈ ਕਰਮਚਾਰੀ ਝਾੜੂ, ਰੇਹੜੇ ਅਤੇ ਹੋਰ ਸਾਜੋ-ਸਾਮਾਨ ਨਾਲ ਮੈਦਾਨ ਵਿਚ ਉੱਤਰ ਕੇ ਗਲੀਆਂ ਅਤੇ ਸੜਕਾਂ ਦੀ ਸਫ਼ਾਈ ਕਰਦੇ ਵੇਖੇ ਗਏ। ਨਾਲ ਹੀ ਨਾਲੀਆਂ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਵੀ ਤੇਜ਼ੀ ਨਾਲ ਸ਼ੁਰੂ ਕੀਤਾ ਗਿਆ ਹੈ। ਸ਼ਹਿਰ ਵਾਸੀਆਂ ਨੇ ਵੀ ਸਫ਼ਾਈ ਕੰਮ ਮੁੜ ਸ਼ੁਰੂ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਗੰਦਗੀ ਕਾਰਨ ਬਹੁਤ ਪਰੇਸ਼ਾਨੀ ਝੱਲਣੀ ਪਈ ਸੀ ਅਤੇ ਹੁਣ ਸਫ਼ਾਈ ਮੁੜ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਸਬੰਧੀ ਸਫ਼ਾਈ ਸੇਵਕ ਯੂਨੀਅਨ ਦੇ ਮੇਟ ਮੰਗਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਮਜ਼ਬੂਰੀ ਵੱਸ ਹੜਤਾਲ ’ਤੇ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲਬਾਤ ਸਫ਼ਲ ਰਹੀ ਹੈ ਅਤੇ ਯੂਨੀਅਨ ਦੀਆਂ ਮੰਗਾਂ ’ਤੇ ਸਹਿਮਤੀ ਬਣੀ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਹੁਣ ਸ਼ਹਿਰ ਵਿਚ ਸਫ਼ਾਈ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾਵੇਗਾ। ਕੁੱਲ ਮਿਲਾ ਕੇ ਹੜਤਾਲ ਖ਼ਤਮ ਹੋਣ ਨਾਲ ਬਾਘਾਪੁਰਾਣਾ ਵਿਚ ਸਫ਼ਾਈ ਪ੍ਰਬੰਧ ਦੁਬਾਰਾ ਚੱਲ ਪਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਸ਼ਹਿਰ ਦੀ ਸਥਿਤੀ ਮੁੜ ਸਧਾਰਨ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।