ਬਲਾਕ ਸੰਮਤੀ ਜੈਤੋ ਦੀ ਸੰਦੀਪ ਕੌਰ ਬਣੀ ਚੇਅਰਪਰਸਨ ਅਤੇ ਗੋਬਿੰਦਰ ਸਿੰਘ ਵਾਲੀਆ ਬਣੇ ਉਪ ਚੇਅਰਮੈਨ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਜੈਤੋ ਵਿਖੇ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦੀ ਮੌਜੂਦਗੀ ਅਤੇ ਪ੍ਰੀਜ਼ਾਈਡਿੰਗ ਅਫ਼ਸਰ-ਕਮ ਉਪ ਮੰਡਲ ਮੈਜਿਸਟਰੇਟ ਜੈਤੋ ਵਿਕਰਮਜੀਤ ਅਗਰਵਾਲ ਦੀ ਨਿਗਰਾਨੀ ’ਚ ਬਲਾਕ ਸੰਮਤੀ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿਚ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ, ਚਰਨਜੀਵ ਸਿੰਘ ‘ਟੋਨੀ ਢਿੱਲੋਂ’ ਦਬੜ੍ਹੀਖਾਨਾ, ਸੰਦੀਪ ਕੌਰ, ਜਸਮੇਲ ਸਿੰਘ, ਕਸ਼ਮੀਰ ਸਿੰਘ, ਅਮਨਦੀਪ ਕੌਰ, ਬਲਰਾਜ ਸਿੰਘ, ਲਖਵੀਰ ਕੌਰ, ਰਾਜਿੰਦਰ ਕੌਰ, ਗੁਰਬਿੰਦਰ ਕੌਰ, ਗੁਰਮੁੱਖ ਸਿੰਘ, ਕਰਮਜੀਤ ਕੌਰ, ਵੀਰਪਾਲ ਕੌਰ, ਰਮਨਦੀਪ ਕੌਰ, ਗੁਰਮੀਤ ਸਿੰਘ, ਗੁਰਜੰਟ ਸਿੰਘ, ਜਗਮੀਤ ਸਿੰਘ, ਗੁਰਵਿੰਦਰ ਕੌਰ, ਗਗਨਦੀਪ ਕੌਰ, ਸੇਵਕ ਸਿੰਘ, ਕੁਲਵਿੰਦਰ ਕੌਰ, ਅਜੈਬ ਸਿੰਘ, ਜਸਵਿੰਦਰ ਸਿੰਘ, ਕਿਰਨਦੀਪ ਕੌਰ ਅਤੇ ਬਲਬੀਰ ਸਿੰਘ ਬਲਾਕ ਸੰਮਤੀ ਮੈਂਬਰ ਹਾਜ਼ਰ ਹੋਏ। ਮੀਟਿੰਗ ਦੌਰਾਨ ਚੇਅਰਪਰਸਨ ਦੀ ਚੋਣ ਸਬੰਧੀ ਨਾਂ ਦੀ ਤਜਵੀਜ਼ ਬਾਰੇ ਐਲਾਨ ਕੀਤਾ ਗਿਆ ਤਾਂ ਚਰਨਜੀਵ ਸਿੰਘ ‘ਟੋਨੀ ਢਿੱਲੋਂ’ ਦਬੜ੍ਹੀਖਾਨਾ ਨੇ ਚੇਅਰਪਰਸਨ ਦੇ ਅਹੁਦੇ ਲਈ ਸੰਦੀਪ ਕੌਰ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ’ਤੇ ਜਸਮੇਲ ਸਿੰਘ ਵੱਲੋਂ ਤਾਈਦ ਕੀਤੀ ਗਈ। ਇਸੇ ਤਰ੍ਹਾਂ ਉਪ ਚੇਅਰਮੈਨ ਦੇ ਅਹੁਦੇ ਲਈ ਨਾਂ ਦੀ ਤਜਵੀਜ਼ ਮੰਗੀ ਗਈ ਤਾਂ ਚਰਨਜੀਵ ਸਿੰਘ ‘ਟੋਨੀ ਢਿੱਲੋਂ’ ਦਬੜ੍ਹੀਖਾਨਾ ਨੇ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ’ਤੇ ਬਲਾਕ ਸੰਮਤੀ ਮੈਂਬਰ ਗੁਰਮੁੱਖ ਸਿੰਘ ਨੇ ਤਾਈਦ ਕੀਤੀ ਅਤੇ ਇਸ ਉਪਰੰਤ ਚੇਅਰਪਰਸਨ ਲਈ ਸੰਦੀਪ ਕੌਰ ਅਤੇ ਉਪ ਚੇਅਰਮੈਨ ਵਜੋਂ ਗੋਬਿੰਦਰ ਸਿੰਘ ਵਾਲੀਆ ਦੇ ਨਾਂ ਘੋਸ਼ਿਤ ਕਰ ਦਿੱਤੇ ਗਏ। ਇਹ ਮਤਾ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਚੋਣ ਉਪਰੰਤ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਨਵੀਂ ਚੁਣੀ ਚੇਅਰਪਰਸਨ ਸੰਦੀਪ ਕੌਰ ਤੇ ਨਵੇਂ ਚੁਣੇ ਉਪ ਚੇਅਰਮੈਨ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ ਨੂੰ ਮੁਬਾਰਕਬਾਦ ਦਿੰਦਿਆਂ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਬਾਕੀ ਬਲਾਕ ਸੰਮਤੀ ਮੈਂਬਰਾਂ ਦਾ ਸਰਬਸੰਮਤੀ ਨਾਲ ਚੋਣ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਨਵੀਂ ਬਣੀ ਚੇਅਰਪਰਸਨ ਤੇ ਨਵੇਂ ਬਣੇ ਉਪ ਚੇਅਰਮੈਨ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਵਿਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸਥਾਨਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਤਹਿਸੀਲਦਾਰ ਜੈਤੋ ਸੁਖਵਿੰਦਰ ਸਿੰਘ, ਬੀ.ਡੀ.ਪੀ..ਓ. ਜੈਤੋ ਇਕਬਾਲ ਸਿੰਘ, ‘ਆਪ’ ਯੂਥ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ, ਦਸ਼ਮੇਸ਼ ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਡੋਡ, ‘ਆਪ’ ਬਲਾਕ ਪ੍ਰਧਾਨ ਅੰਕੁਸ਼ ਬਾਂਸਲ, ‘ਆਪ’ ਬੀ.ਸੀ ਵਿੰਗ ਵਿਧਾਨ ਸਭਾ ਹਲਕਾ ਜੈਤੋ ਦੇ ਕੋਆਰਡੀਨੇਟਰ ਸੁਖਰੀਤ ਸਿੰਘ ਰੋਮਾਣਾ, ਸਰਪੰਚ ਡਾ. ਗੁਰਲਾਲ ਸਿੰਘ ਬਰਾੜ ਦਲ ਸਿੰਘ ਵਾਲਾ, ‘ਆਪ’ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਖਾਲਸਾ ਕੋਠੇ ਮਹਿਲੜ੍ਹ (ਦਬੜ੍ਹੀਖਾਨਾ), ਪੀ.ਏ ਕੁਲਦੀਪ ਸਿੰਘ ਦਲ ਸਿੰਘ ਵਾਲਾ, ਦਫ਼ਤਰ ਇੰਚਾਰਜ ਮਨਪ੍ਰੀਤ ਸ਼ਰਮਾ ਬਰਗਾੜੀ, ‘ਆਪ’ ਯੂਥ ਆਗੂ ਪ੍ਰੇਮ ਕੁਮਾਰ ਪ੍ਰੇਮਾ ਕੋਟਕਪੂਰਾ ਆਦਿ ਹਾਜ਼ਰ ਸਨ।