ਖਾਰਾ ਪਾਣੀ, ਸੁੱਕੇ ਸੰਘ, ਬੇਬਸ ਮੁਸਾਫਿਰ
ਖਾਰਾ ਪਾਣੀ, ਸੁੱਕੇ ਸੰਘ, ਬੇਬਸ ਮੁਸਾਫਿਰ
Publish Date: Fri, 08 May 2026 03:18 PM (IST)
Updated Date: Fri, 08 May 2026 03:20 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਿਆਨਕ ਗਰਮੀ ਦੇ ਵਿਚਕਾਰ ਮੁਕਤਸਰ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਪੀਣ ਵਾਲਾ ਸਾਫ਼ ਪਾਣੀ ਨਾ ਮਿਲਣ ਕਾਰਨ ਮੁਸਾਫਿਰਾਂ ਦਾ ਬੁਰਾ ਹਾਲ ਹੈ। ਦੋਵਾਂ ਥਾਵਾਂ ਤੇ ਟੂਟੀਆਂ ਵਿੱਚੋਂ ਖਾਰਾ ਪਾਣੀ ਆ ਰਿਹਾ ਹੈ ਜੋ ਪੀਣ ਦੇ ਕਾਬਲ ਨਹੀਂ ਹੈ। ਤਪਦੀ ਧੁੱਪ ’ਚ ਸਫ਼ਰ ਕਰ ਰਹੇ ਬਜ਼ੁਰਗ, ਔਰਤਾਂ ਅਤੇ ਬੱਚੇ ਪਾਣੀ ਲਈ ਇੱਧਰ-ਉੱਧਰ ਭਟਕਣ ਲਈ ਮਜਬੂਰ ਹਨ। ਮੁਕਤਸਰ ਵਿੱਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37 ਅਤੇ ਘੱਟੋ-ਘੱਟ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਕ ਪਹਿਲਾਂ ਇੱਥੇ ਨਹਿਰੀ ਪਾਣੀ ਦੀ ਸਪਲਾਈ ਹੁੰਦੀ ਸੀ। ਪਰ ਨਹਿਰ ਵਿੱਚ ਦੂਸ਼ਿਤ ਪਾਣੀ ਆਉਣ ਕਾਰਨ ਪ੍ਰਸ਼ਾਸਨ ਨੇ ਸਪਲਾਈ ਬੰਦ ਕਰ ਦਿੱਤੀ ਹੈ। ਹੁਣ ਵਿਕਲਪ ਵਜੋਂ ਜ਼ਮੀਨੀ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਸਮੱਸਿਆ ਇਹ ਹੈ ਕਿ ਮੁਕਤਸਰ ਖੇਤਰ ਦਾ ਜ਼ਮੀਨੀ ਪਾਣੀ ਪਹਿਲਾਂ ਹੀ ਖਾਰਾ ਅਤੇ ਮਾੜੀ ਗੁਣਵੱਤਾ ਵਾਲਾ ਹੈ। ਇਸੇ ਕਾਰਨ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀਆਂ ਟੂਟੀਆਂ ਵਿੱਚ ਵੀ ਖਾਰਾ ਪਾਣੀ ਪਹੁੰਚ ਰਿਹਾ ਹੈ। ਇੰਨਾ ਹੀ ਨਹੀਂ, ਘਰਾਂ ਵਿੱਚ ਵੀ ਪਾਣੀ ਦੀ ਸਪਲਾਈ ਦੂਸ਼ਿਤ ਹੋ ਰਹੀ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਦੱਸ ਦੇਈਏ ਕਿ ਮੁਕਤਸਰ ਵਿੱਚ 10,500 ਘਰਾਂ ਵਿੱਚ ਪਾਣੀ ਦੀ ਸਪਲਾਈ ਹੁੰਦੀ ਹੈ। ਰੋਜ਼ਾਨਾ 2500 ਤੋਂ ਵੱਧ ਮੁਸਾਫਿਰ ਹੋ ਰਹੇ ਪ੍ਰਭਾਵਿਤ ਮੁਕਤਸਰ ਦੇ ਬੱਸ ਸਟੈਂਡ ’ਤੇ ਰੋਜ਼ਾਨਾ ਲਗਭਗ 2,000 ਮੁਸਾਫਿਰਾਂ ਦੀ ਆਵਾਜਾਈ ਹੁੰਦੀ ਹੈ। ਉੱਥੇ ਹੀ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ 500 ਤੋਂ ਵੱਧ ਲੋਕ ਸਫ਼ਰ ਕਰਦੇ ਹਨ। ਅਜਿਹੇ ’ਚ ਸਾਫ਼ ਪਾਣੀ ਨਾ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਗਰਮੀ ’ਚ ਡੀਹਾਈਡ੍ਰੇਸ਼ਨ ਦਾ ਖਤਰਾ ਵੱਧ ਜਾਂਦਾ ਹੈ, ਪਰ ਇੱਥੇ ਮੁਸਾਫਿਰਾਂ ਨੂੰ ਪੀਣ ਤੱਕ ਦਾ ਸਾਫ਼ ਪਾਣੀ ਨਸੀਬ ਨਹੀਂ ਹੋ ਰਿਹਾ। ਕਈ ਮੁਸਾਫਿਰ ਮਜਬੂਰੀ ਵਿੱਚ ਦੁਕਾਨਾਂ ਤੋਂ ਮਹਿੰਗੀਆਂ ਪਾਣੀ ਦੀਆਂ ਬੋਤਲਾਂ ਖਰੀਦ ਰਹੇ ਹਨ। ਵਾਟਰ ਕੂਲਰ ਬੰਦ, ਸ਼ਿਕਾਇਤ ਬੇਅਸਰ ਮੁਸਾਫਿਰ ਗੁਰ ਇਕਬਾਲ ਸਿੰਘ, ਰੋਹਿਤ ਕੁਮਾਰ, ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬੱਸ ਸਟੈਂਡ ਤੇ ਲੱਗਾ ਵਾਟਰ ਕੂਲਰ ਕਈ ਦਿਨਾਂ ਤੋਂ ਖਰਾਬ ਪਿਆ ਹੈ। ਰੇਲਵੇ ਪਲੇਟਫਾਰਮ ਤੇ ਵੀ ਸਾਫ਼ ਪਾਣੀ ਦਾ ਕੋਈ ਵਿਕਲਪਿਕ ਪ੍ਰਬੰਧ ਨਹੀਂ ਹੈ। ਵਾਰ-ਵਾਰ ਸ਼ਿਕਾਇਤ ਦੇ ਬਾਵਜੂਦ ਵਿਭਾਗਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਬਿਮਾਰੀ ਦਾ ਖ਼ਤਰਾ ਵਧਿਆ ਸਥਾਨਕ ਲੋਕਾਂ ਨੇ ਦੱਸਿਆ ਕਿ ਖਾਰਾ ਪਾਣੀ ਪੀਣ ਨਾਲ ਉਲਟੀ-ਦਸਤ, ਪੀਲੀਆ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਗਰਮੀ ਵਿੱਚ ਪਹਿਲਾਂ ਹੀ ਬਿਮਾਰੀਆਂ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਅਜਿਹੇ ਵਿੱਚ ਦੂਸ਼ਿਤ ਪਾਣੀ ਹਾਲਾਤ ਹੋਰ ਵਿਗਾੜ ਸਕਦਾ ਹੈ। ਸੰਸਥਾ ਤੇ ਆਟੋ ਚਾਲਕ ਜੇਬ ’ਚੋਂ ਪੈਸੇ ਖ਼ਰਚ ਕੇ ਕਰ ਰਹੇ ਪ੍ਰਬੰਧ ਮੁਕਤਸਰ ਰੇਲਵੇ ਸਟੇਸ਼ਨ ਤੇ ਇੱਕ ਸੰਸਥਾ ਵੱਲੋਂ ਪਾਣੀ ਦਾ ਪ੍ਰਬੰਧ ਜੇਬ ਵਿੱਚੋਂ ਪੈਸੇ ਖਰਚ ਕੇ ਕੀਤਾ ਜਾ ਰਿਹਾ ਹੈ। ਉਹ ਮੁਸਾਫਿਰਾਂ ਲਈ ਆਰ.ਓ. ਪਾਣੀ ਦਾ ਰੋਜ਼ਾਨਾ ਇੰਤਜ਼ਾਮ ਕਰ ਰਹੇ ਹਨ। ਇਸੇ ਤਰ੍ਹਾਂ ਬੱਸ ਸਟੈਂਡ ਤੇ ਆਟੋ ਚਾਲਕ ਰੋਜ਼ਾਨਾ 100 ਰੁਪਏ ਖਰਚ ਕਰਕੇ ਲੋਕਾਂ ਲਈ ਪੰਜ ਕੈਨ ਪਾਣੀ ਦੇ ਖਰੀਦ ਰਹੇ ਹਨ। ਪਰ ਫਿਰ ਵੀ ਭਿਆਨਕ ਗਰਮੀ ਵਿੱਚ ਲੋਕਾਂ ਨੂੰ ਪੂਰਨ ਪਾਣੀ ਦੀ ਸਹੂਲਤ ਨਹੀਂ ਮਿਲ ਰਹੀ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵੀ ਗੰਭੀਰ ਦਿਖਾਈ ਨਹੀਂ ਦੇ ਰਿਹਾ। ਲੋਕ ਪ੍ਰੇਸ਼ਾਨ, ਪਾਣੀ ਦੇ ਪ੍ਰਬੰਧ ਦੀ ਮੰਗ ਮੁਕਤਸਰ ਵਾਸੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਬੱਸ ਵਿੱਚ ਅਕਸਰ ਸਫ਼ਰ ਕਰਦਾ ਹੈ। ਪਰ ਬੱਸ ਸਟੈਂਡ ਵਿੱਚ ਜਦੋਂ ਵੀ ਜਾਂਦੇ ਹਨ ਤਾਂ ਸਾਫ਼ ਪਾਣੀ ਨਹੀਂ ਮਿਲਦਾ ਜਿਸ ਕਾਰਨ ਉਸਨੂੰ ਪੈਸੇ ਖਰਚ ਕੇ ਬੋਤਲ ਖਰੀਦਣੀ ਪੈਂਦੀ ਹੈ। ਪ੍ਰਸ਼ਾਸਨ ਇੱਥੇ ਸਾਫ਼ ਪਾਣੀ ਦਾ ਪ੍ਰਬੰਧ ਕਰੇ। ਮੁਕਤਸਰ ਵਾਸੀ ਨਿੰਦਰ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ ਤੇ ਸੈਂਕੜੇ ਲੋਕ ਰੋਜ਼ਾਨਾ ਆਉਂਦੇ ਜਾਂਦੇ ਹਨ। ਪਿਆਸ ਲੱਗੀ ਤਾਂ ਪਾਣੀ ਪੀਣ ਲਈ ਟੂਟੀ ਖੋਲ੍ਹੀ ਪਰ ਪਾਣੀ ਖਾਰਾ ਆਇਆ ਜੋ ਪੀਣ ਯੋਗ ਨਹੀਂ ਹੈ। ਇੱਥੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਸਮੇਤ ਚੰਡੀਗੜ੍ਹ, ਹਰਿਆਣਾ, ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ ਆਦਿ ਨੂੰ ਬੱਸਾਂ ਚੱਲਦੀਆਂ ਹਨ। ਅਜਿਹੇ ਵਿੱਚ ਮੁਸਾਫਿਰਾਂ ਲਈ ਸਾਫ਼ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਠੇਕੇਦਾਰ ਨਾਲ ਗੱਲ ਕਰਕੇ ਪਾਣੀ ਦਾ ਪ੍ਰਬੰਧ ਜਲਦ ਕਰਵਾਵਾਂਗੇ : ਜੀਐੱਮ ਚਾਹਲ ਰੋਡਵੇਜ਼ ਡਿਪੂ ਮੁਕਤਸਰ ਦੇ ਜਨਰਲ ਮੈਨੇਜਰ (ਜੀ.ਐਮ.) ਜਸਵਿੰਦਰ ਸਿੰਘ ਚਾਹਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਣੀ ਨੂੰ ਲੈ ਕੇ ਵੈਸੇ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਫਿਰ ਵੀ ਅਸੀਂ ਠੇਕੇ ਤੇ ਕੰਮ ਦੇ ਰੱਖਿਆ ਹੈ, ਉਹ ਠੇਕੇਦਾਰ ਨਾਲ ਗੱਲਬਾਤ ਕਰਕੇ ਇੱਥੇ ਸਾਫ਼ ਪਾਣੀ ਦਾ ਪ੍ਰਬੰਧ ਕਰਵਾ ਦੇਣਗੇ।