ਕਿਹਾ, ਨਿਰਪੱਖ ਗਿਣਤੀ ਯਕੀਨੀ ਬਣਾਈ ਜਾਵੇ; ਗਿਣਤੀ ਪ੍ਰਕਿਰਿਆ ’ਤੇ ਰਹੇਗੀ ਤਿੱਖੀ ਨਜ਼ਰ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਨਗਰ ਕੌਂਸਲ ਜੈਤੋ ਦੇ 10 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ 29 ਮਈ, ਦਿਨ ਸ਼ੁੱਕਰਵਾਰ ਨੂੰ ਸਥਾਨਕ ਯੂਨੀਵਰਸਿਟੀ ਕਾਲਜ ਵਿਖੇ ਹੋਣ ਜਾ ਰਹੀ ਹੈ। ਗਿਣਤੀ ਪ੍ਰਕਿਰਿਆ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚ ਕਾਫ਼ੀ ਉਤਸ਼ਾਹ ਅਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਵੱਖ-ਵੱਖ ਧਿਰਾਂ ਵੱਲੋਂ ਆਪਣੇ ਉਮੀਦਵਾਰਾਂ ਅਤੇ ਸਮਰਥਕਾਂ ਨਾਲ ਲਗਾਤਾਰ ਰਣਨੀਤਿਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਸੱਤਧਾਰੀ ਆਮ ਆਦਮੀ ਪਾਰਟੀ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਗਿਣਤੀ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੀ ਗੜਬੜ, ਧੱਕੇਸ਼ਾਹੀ ਜਾਂ ਚੋਣ ਪ੍ਰਕਿਰਿਆ ਵਿਚ ਦਖ਼ਲਅੰਦਾਜ਼ੀ ਨਹੀਂ ਹੋਣ ਦਿੱਤੀ ਜਾਵੇਗੀ। ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਚੋਣ ਪ੍ਰਕਿਰਿਆ ਦਾ ਨਿਰਪੱਖ ਅਤੇ ਪਾਰਦਰਸ਼ੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਧਾਰੀ ਧਿਰ ਵੱਲੋਂ ਪ੍ਰਸ਼ਾਸਨਿਕ ਦਬਾਅ ਅਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਪਰ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਰ ਹਾਲਾਤ ’ਤੇ ਪੂਰੀ ਨਿਗਰਾਨੀ ਰੱਖੇ ਹੋਏ ਹੈ ਅਤੇ ਗਿਣਤੀ ਪ੍ਰਕਿਰਿਆ ਦੌਰਾਨ ਹਰ ਗਤੀਵਿਧੀ ’ਤੇ ਤਿੱਖੀ ਨਜ਼ਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰ ਵਿਚ ਸਿਰਫ਼ ਉਹੀ ਵਿਅਕਤੀ ਦਾਖ਼ਲ ਹੋਣ ਜਿਨ੍ਹਾਂ ਕੋਲ ਚੋਣ ਕਮਿਸ਼ਨ ਵੱਲੋਂ ਜਾਰੀ ਅਧਿਕਾਰਤ ਪਾਸ ਅਤੇ ਲਾਜ਼ਮੀ ਦਸਤਾਵੇਜ਼ ਹੋਣ। ਉਨ੍ਹਾਂ ਚੋਣ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਗਿਣਤੀ ਦੌਰਾਨ ਪੂਰੀ ਸਖ਼ਤੀ, ਇਮਾਨਦਾਰੀ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਦਾ ਚੋਣ ਪ੍ਰਣਾਲੀ ’ਤੇ ਭਰੋਸਾ ਕਾਇਮ ਰਹੇ। ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਪੂਰੀ ਤਰ੍ਹਾਂ ਚੌਕਸ ਹਨ ਅਤੇ ਉਹ ਸ਼ਾਂਤੀਪੂਰਨ ਢੰਗ ਨਾਲ ਗਿਣਤੀ ਪ੍ਰਕਿਰਿਆ ’ਤੇ ਨਜ਼ਰ ਰੱਖਣਗੇ। ਉਨ੍ਹਾਂ ਵਰਕਰਾਂ ਨੂੰ ਸਬਰ ਅਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਅਫ਼ਵਾਹ ਜਾਂ ਉਕਸਾਵੇ ਵਿਚ ਨਾ ਆਇਆ ਜਾਵੇ, ਪਰ ਜੇਕਰ ਕਿਸੇ ਵੱਲੋਂ ਗਿਣਤੀ ਪ੍ਰਕਿਰਿਆ ਵਿਚ ਗਲਤ ਤਰੀਕੇ ਨਾਲ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਪ੍ਰਕਾਸ਼ ਸਿੰਘ ਭੱਟੀ ਨੇ ਵਿਸ਼ਵਾਸ ਜਤਾਉਂਦਿਆਂ ਕਿਹਾ ਕਿ ਜੈਤੋ ਦੀ ਜਨਤਾ ਨੇ ਵਿਕਾਸ, ਲੋਕਹਿੱਤ ਅਤੇ ਸਾਫ਼ ਸੁਥਰੀ ਰਾਜਨੀਤੀ ਨੂੰ ਸਮਰਥਨ ਦਿੱਤਾ ਹੈ ਅਤੇ ਆਉਣ ਵਾਲੇ ਨਤੀਜੇ ਕਾਂਗਰਸ ਪਾਰਟੀ ਦੇ ਹੱਕ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਨਗਰ ਕੌਂਸਲ ਚੋਣਾਂ ਵਿਚ ਇਸਦੀ ਝਲਕ ਸਾਫ਼ ਨਜ਼ਰ ਆਵੇਗੀ।