Sad News : ਫ਼ਰੀਦਕੋਟ ਦੇ ਪਿੰਡ ਘਣੀਏਵਾਲਾ ਦੀ ਵਿਆਹੁਤਾ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ
ਦੱਸਿਆ ਜਾ ਰਿਹਾ ਹੈ ਕਿ ਗੋਲ਼ੀਆਂ ਲੱਗਣ ਕਾਰਨ ਸੁਖਵੀਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਘਟਨਾ ਸਥਾਨ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਹਮਲਾਵਰਾਂ ਦਾ ਕੋਈ ਸੁਰਾਗ ਨਹੀਂ ਲੱਗਾ ਸਕਿਆ।
Publish Date: Mon, 11 May 2026 05:57 PM (IST)
Updated Date: Mon, 11 May 2026 06:02 PM (IST)
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : ਨੇੜਲੇ ਪਿੰਡ ਘਣੀਏਵਾਲਾ ਦੀ ਇਕ ਵਿਆਹੁਤਾ ਔਰਤ ਦੀ ਫਿਲੀਪੀਨ ਦੀ ਰਾਜਧਾਨੀ ਮਨੀਲਾ ਵਿੱਚ ਬੇਰਹਿਮੀ ਨਾਲ ਕਤਲ ਕਰਨ ਦੀ ਦੁਖਦਾਇਕ ਖ਼ਬਰ ਮਿਲੀ ਹੈ। ਅਣਪਛਾਤੇ ਹਮਲਾਵਰਾਂ ਨੇ ਵਿਆਹੁਤਾ ’ਤੇ ਉਸ ਸਮੇਂ ਗੋਲ਼ੀਆਂ ਵਰ੍ਹਾਈਆਂ, ਜਦੋਂ ਉਹ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਉਗਰਾਹੀ ਕਰਨ ਜਾ ਰਹੀ ਹੈ। ਇਸ ਦੁਖਦ ਖ਼ਬਰ ਤੋਂ ਬਾਅਦ ਪਿੰਡ ਘਣੀਏਵਾਲਾ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘਣੀਏਵਾਲਾ ਦੀ ਵਸਨੀਕ ਸੁਖਵੀਰ ਕੌਰ ਬਰਾੜ ਆਪਣੇ ਪਤੀ ਇਕਬਾਲ ਸਿੰਘ ਬਰਾੜ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਮਨੀਲਾ ਵਿੱਚ ਰਹਿ ਰਹੀ ਸੀ। ਪਤੀ-ਪਤਨੀ ਦਾ ਉੱਥੇ ਫਾਇਨਾਂਸ ਦਾ ਕਾਰੋਬਾਰ ਸੀ। ਬੀਤੇ ਕੱਲ੍ਹ ਐਤਵਾਰ ਨੂੰ ਜਦ ਸੁਖਵੀਰ ਕੌਰ ਹਮੇਸ਼ਾ ਦੀ ਤਰ੍ਹਾਂ ਆਪਣੇ ਕਾਰੋਬਾਰ ਸਬੰਧੀ ਬਾਜ਼ਾਰ ਵੱਲ ਉਗਰਾਹੀ ਲਈ ਜਾ ਰਹੀ ਸੀ ਤਾਂ ਰਸਤੇ ਵਿੱਚ ਪਹਿਲਾਂ ਤੋਂ ਹੀ ਬੈਠੇ ਅਣਪਛਾਤੇ ਹਮਲਾਵਰਾਂ ਨੇ ਉਸ ਉਪਰ ਗੋਲ਼ੀਆਂ ਵਰ੍ਹਾ ਦਿੱਤੀਆਂ।
ਦੱਸਿਆ ਜਾ ਰਿਹਾ ਹੈ ਕਿ ਗੋਲ਼ੀਆਂ ਲੱਗਣ ਕਾਰਨ ਸੁਖਵੀਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਘਟਨਾ ਸਥਾਨ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਹਮਲਾਵਰਾਂ ਦਾ ਕੋਈ ਸੁਰਾਗ ਨਹੀਂ ਲੱਗਾ ਸਕਿਆ।
ਉਕਤ ਘਟਨਾ ਦਾ ਦੁਖਦ ਪਹਿਲੂ ਇਹ ਵੀ ਹੈ ਕਿ ਮਿ੍ਤਕ ਦਾ ਪਤੀ ਇਕਬਾਲ ਸਿੰਘ ਇੰਨੀ ਦਿਨੀਂ ਆਪਣੇ ਜੱਦੀ ਪਿੰਡ ਘਣੀਏਵਾਲਾ ਆਇਆ ਹੋਇਆ ਸੀ ਅਤੇ ਉਸਦੀ ਗੈਰ ਹਾਜਰੀ ਵਿੱਚ ਮਨੀਲਾ ਵਿੱਚ ਕਾਰੋਬਾਰ ਅਤੇ ਉਗਰਾਹੀ ਦੀ ਪੂਰੀ ਜ਼ਿੰਮੇਵਾਰੀ ਨਾਲ ਉਸਦੀ ਪਤਨੀ ਸੁਖਵੀਰ ਕੌਰ ਹੀ ਸੰਭਾਲ ਰਹੀ ਸੀ। ਇਸ ਖ਼ੌਫ਼ਨਾਕ ਘਟਨਾ ਦੀ ਸੂਚਨਾ ਮਿਲਦਿਆਂ ਹੀ ਇਕਬਾਲ ਸਿੰਘ ਬਰਾੜ ਤੁਰੰਤ ਮਨੀਲਾ ਲਈ ਰਵਾਨਾ ਹੋ ਗਏ।