ਸਮਾਜ ਸੇਵਾ, ਮਨੁੱਖਤਾ ਦੀ ਭਲਾਈ

ਅਮੋਲ ਸੂਦ ਬਣੇ ਕਲੱਬ ਦੇ ਪ੍ਰਧਾਨ, ਰੁਪੇਸ਼ ਮਜੀਠੀਆ ਸਕੱਤਰ ਤੇ ਰਵੀ ਸ਼ੰਕਰ ਨੂੰ ਮਿਲੀ ਕੈਸ਼ੀਅਰ ਦੀ ਜ਼ਿੰਮੇਵਾਰੀ
ਰੋਟਰੀ ਕਲੱਬ ਮੋਗਾ ਰਾਇਲ ਦੇ ਨਵੇਂ ਚੁਣੇ ਗਏ ਪ੍ਰਧਾਨ ਅਮੋਲ ਸੂਦ, ਸਕੱਤਰ ਰੁਪੇਸ਼ ਮਜੀਠੀਆ ਅਤੇ ਕੈਸ਼ੀਅਰ ਰਵੀ ਸ਼ੰਕਰ ਨੂੰ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਵਧਾਈ ਦਿੰਦੇ ਸੀਏ ਸੁਭਾਸ਼ ਬਾਂਸਲ ਅਤੇ ਹੋਰ ਰੋਟੇਰੀਅਨ।
ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ : ਸਮਾਜ ਸੇਵਾ, ਮਨੁੱਖਤਾ ਦੀ ਭਲਾਈ ਅਤੇ ਲੋਕ ਹਿਤ ਦੇ ਕਾਰਜਾਂ ਵਿਚ ਹਮੇਸ਼ਾ ਅੱਗੇ ਰਹਿਣ ਵਾਲੇ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਸਾਲ 2026-27 ਲਈ ਨਵੀਂ ਕਾਰਜਕਾਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇਕ ਵਿਸ਼ੇਸ਼ ਮੀਟਿੰਗ ਬੀਤੀ ਰਾਤ ਕਲੱਬ ਦੇ ਮੌਜੂਦਾ ਪ੍ਰਧਾਨ ਸੀਏ ਸੁਭਾਸ਼ ਬਾਂਸਲ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ, ਜਿਸ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਕਲੱਬ ਦੇ ਭਵਿੱਖੀ ਪ੍ਰੋਜੈਕਟਾਂ, ਸਮਾਜਿਕ ਕਾਰਜਾਂ ਅਤੇ ਨਵੀਂ ਲੀਡਰਸ਼ਿਪ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਸਭ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਸਿੱਧ ਕਾਰੋਬਾਰੀ ਅਤੇ ਬਿਗਬੈੱਨ ਦੇ ਮਾਲਕ ਅਮੋਲ ਸੂਦ ਨੂੰ ਰੋਟਰੀ ਕਲੱਬ ਮੋਗਾ ਰਾਇਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਰੁਪੇਸ਼ ਮਜੀਠੀਆ ਨੂੰ ਸਕੱਤਰ ਅਤੇ ਰਵੀ ਸ਼ੰਕਰ ਨੂੰ ਕੈਸ਼ੀਅਰ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ। ਨਵੀਂ ਟੀਮ ਦੇ ਐਲਾਨ ਤੋਂ ਬਾਅਦ ਮੀਟਿੰਗ ਦੌਰਾਨ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਸਾਰੇ ਮੈਂਬਰਾਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਮੀਟਿੰਗ ਵਿਚ ਵਨੀਤ ਬਾਂਸਲ, ਪਵਨ ਸਿੰਗਲਾ, ਜਗਮੀਤ ਖੁਰਮੀ, ਵਿਭੋਰ ਸੂਦ, ਕਪਿਲ ਦੇਵ, ਵਿਜੇ ਅਰੋੜਾ, ਆਸ਼ੀਸ਼ ਅਗਰਵਾਲ, ਦਿਨੇਸ਼ ਗੋਇਲ, ਡਾ. ਨਵੀਨ ਬਾਂਸਲ, ਗਗਨਦੀਪ ਗਰਗ, ਅਤੁਲ ਬਾਂਸਲ, ਪ੍ਰਸ਼ੋਤਮ ਸ਼ਰਮਾ, ਵਨੀਤ ਗਰਗ, ਸੂਰਜ ਜੈਨ, ਅਸ਼ਵਨੀ ਬਾਂਸਲ, ਅਸ਼ਵਨੀ ਅਰੋੜਾ ਸਮੇਤ ਕਈ ਹੋਰ ਰੋਟੇਰੀਅਨ ਹਾਜ਼ਰ ਰਹੇ। ਮੈਂਬਰਾਂ ਨੇ ਕਿਹਾ ਕਿ ਰੋਟਰੀ ਕਲੱਬ ਮੋਗਾ ਰਾਇਲ ਹਮੇਸ਼ਾ ਹੀ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਆਇਆ ਹੈ ਅਤੇ ਨਵੀਂ ਟੀਮ ਦੀ ਅਗਵਾਈ ਹੇਠ ਇਹ ਸੇਵਾ ਹੋਰ ਵਧੇਰੇ ਤਾਕਤ ਨਾਲ ਜਾਰੀ ਰਹੇਗੀ।
ਮੌਜੂਦਾ ਪ੍ਰਧਾਨ ਸੀਏ ਸੁਭਾਸ਼ ਬਾਂਸਲ ਅਤੇ ਹੋਰ ਮੈਂਬਰਾਂ ਵੱਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਨਵੀਂ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਕਲੱਬ ਆਉਣ ਵਾਲੇ ਸਮੇਂ ਵਿਚ ਹੋਰ ਵੀ ਵੱਡੇ ਪੱਧਰ ’ਤੇ ਸਮਾਜ ਸੇਵਾ ਦੇ ਪ੍ਰੋਜੈਕਟ ਚਲਾਏਗਾ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹੇਗਾ। ਨਵੇਂ ਚੁਣੇ ਗਏ ਪ੍ਰਧਾਨ ਅਮੋਲ ਸੂਦ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਦੇ ਨਿਯਮਾਂ ਅਨੁਸਾਰ ਹਰ ਸਾਲ ਨਵੀਂ ਕਾਰਜਕਾਰੀ ਟੀਮ ਦੀ ਚੋਣ ਕੀਤੀ ਜਾਂਦੀ ਹੈ, ਪਰ ਰੋਟਰੀ ਕਲੱਬ ਮੋਗਾ ਰਾਇਲ ਦੀ ਖਾਸ ਗੱਲ ਇਹ ਹੈ ਕਿ ਇੱਥੇ ਸਾਰੇ ਮੈਂਬਰ ਇਕ ਪਰਿਵਾਰ ਵਾਂਗ ਮਿਲਜੁਲ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਲੱਬ ਦੇ ਮੈਂਬਰ ਹਰ ਸਮਾਜਿਕ, ਧਾਰਮਿਕ ਅਤੇ ਮਨੁੱਖਤਾ ਭਲਾਈ ਦੇ ਕੰਮ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਹਨ ਅਤੇ ਭਵਿੱਖ ਵਿਚ ਵੀ ਇਹ ਰਿਵਾਇਤ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਸੇਵਾਵਾਂ, ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ, ਵਾਤਾਵਰਣ ਸੁਰੱਖਿਆ ਅਤੇ ਨੌਜਵਾਨਾਂ ਦੀ ਭਲਾਈ ਲਈ ਕਲੱਬ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਨਵੇਂ ਸਕੱਤਰ ਰੁਪੇਸ਼ ਮਜੀਠੀਆ ਅਤੇ ਕੈਸ਼ੀਅਰ ਰਵੀ ਸ਼ੰਕਰ ਨੇ ਵੀ ਭਰੋਸਾ ਦਿਵਾਇਆ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰਨਗੇ।
ਰੋਟਰੀ ਕਲੱਬ ਮੋਗਾ ਰਾਇਲ ਦੀ ਨਵੀਂ ਟੀਮ ਦੇ ਗਠਨ ਨਾਲ ਕਲੱਬ ਦੇ ਮੈਂਬਰਾਂ ਵਿਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਮਾਜਿਕ ਖੇਤਰ ਵਿਚ ਹੋਰ ਵੱਡੇ ਪੱਧਰ ’ਤੇ ਸੇਵਾ ਕਾਰਜ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।