ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ

ਗਰਮੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਬੱਚਿਆਂ ਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ, ਤਰਲ ਪਦਾਰਥਾਂ ਦੇ ਸੇਵਨ ਦੀ ਕੀਤੀ ਸਿਫਾਰਸ਼
ਡਾ ਗਗਨਦੀਪ ਸਿੰਘ ਸਿੱਧੂ ਐੱਸਐੱਮਓ ਡਰੋਲੀ ਭਾਈ ਵਿਖੇ ਮਰੀਜ਼ ਦਾ ਹਾਲ ਚਾਲ ਪੁੱਛਦੇ ਹੋਏ।
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਵਿਚ ਲਗਾਤਾਰ ਵਾਧੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਮੋਗਾ ਵੱਲੋਂ ਹੀਟ ਵੇਵ (ਲੂ) ਅਤੇ ਗਰਮੀ ਤੋਂ ਬਚਾਅ ਲਈ ਵਿਸਥਾਰਪੂਰਵਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਵਾਰ ਗਰਮੀ ਦੇ ਸ਼ੁਰੂਆਤੀ ਮੌਸਮ ਵਿਚ ਹੀ ਤਾਪਮਾਨ ਵਿਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪਹਿਲਾਂ ਤੋਂ ਹੀ ਚੌਕਸ ਰਹਿਣ ਦੀ ਲੋੜ ਹੈ। ਸਿਵਲ ਸਰਜਨ ਮੋਗਾ ਡਾ ਰਮਨਦੀਪ ਸਿੰਗਲਾ ਅਤੇ ਡਾ. ਗਗਨਦੀਪ ਸਿੰਘ ਸਿੱਧੂ ਐੱਸਐੱਮਓ ਡਰੋਲੀ ਭਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋ ਜਾਂਦਾ ਹੈ ਤਾਂ ਇਸ ਨੂੰ ਹੀਟ ਵੇਵ ਦੀ ਸਥਿਤੀ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤਰਣ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਗਰਮੀ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ, ਮਈ ਅਤੇ ਜੂਨ ਦੇ ਮਹੀਨਿਆਂ ਵਿਚ ਲੂ ਚੱਲਣ ਦੀ ਸੰਭਾਵਨਾ ਵੱਧ ਰਹਿੰਦੀ ਹੈ, ਇਸ ਲਈ ਆਮ ਲੋਕਾਂ ਦੇ ਨਾਲ-ਨਾਲ ਸੰਵੇਦਨਸ਼ੀਲ ਵਰਗਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਐੱਸਐੱਮਓ ਨੇ ਦੱਸਿਆ ਕਿ ਲੂ ਲੱਗਣ ਦੇ ਲੱਛਣਾਂ ਵਿਚ ਸਰੀਰ ਦਾ ਤਾਪਮਾਨ 40 ਡਿਗਰੀ ਤੋਂ ਵੱਧ ਹੋਣਾ, ਚੱਕਰ ਆਉਣਾ, ਬੇਹੋਸ਼ੀ ਜਾਂ ਭ੍ਰਮ ਦੀ ਸਥਿਤੀ, ਚਮੜੀ ਦਾ ਖੁਸ਼ਕ ਅਤੇ ਲਾਲ ਹੋਣਾ, ਤੇਜ਼ ਸਿਰ ਦਰਦ, ਉਲਟੀ ਆਉਣਾ, ਦਿਲ ਦੀ ਧੜਕਨ ਤੇਜ਼ ਹੋਣਾ, ਸਾਹ ਲੈਣ ਵਿਚ ਦਿੱਕਤ ਅਤੇ ਮਾਸਪੇਸ਼ੀਆਂ ਵਿਚ ਕਮਜ਼ੋਰੀ ਵਰਗੇ ਲੱਛਣ ਸ਼ਾਮਲ ਹਨ। ਉਨ੍ਹਾਂ ਕਿਹਾ ਅਜਿਹੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਡਾ ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਵਿਚ ਮਰੀਜ਼ ਨੂੰ ਤੁਰੰਤ ਠੰਡੀ ਜਗ੍ਹਾ ’ਤੇ ਲਿਜਾਇਆ ਜਾਵੇ, ਕੱਪੜੇ ਢਿੱਲੇ ਕੀਤੇ ਜਾਣ, ਸਰੀਰ ’ਤੇ ਬਰਫ ਜਾਂ ਆਈਸ ਪੈਕ ਰੱਖੇ ਜਾਣ ਅਤੇ ਬਿਨ੍ਹਾਂ ਦੇਰੀ ਕੀਤੇ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਾਵੇ। ਜੇਕਰ ਸੰਭਵ ਹੋਵੇ ਤਾਂ ਮਰੀਜ਼ ਨੂੰ ਵਾਤਾਨੂਕੁਲਿਤ ਵਾਹਨ ਵਿਚ ਹੀ ਹਸਪਤਾਲ ਲਿਜਾਇਆ ਜਾਵੇ, ਕਿਉਂਕਿ ਇਲਾਜ ਵਿਚ ਦੇਰੀ ਹੋਣ ਨਾਲ ਸਥਿਤੀ ਜੋਖਮ ਭਰੀ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਲੂ ਤੋਂ ਬਚਾਅ ਲਈ ਸ਼ਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦਿੱਤੀ ਜਾਵੇ। ਗਰਮੀ ਦੇ ਮੌਸਮ ਵਿਚ ਪਾਣੀ ਉਚਿਤ ਮਾਤਰਾ ਵਿਚ ਪੀਓ ਅਤੇ ਪਿਆਸ ਨਾ ਲੱਗਣ ’ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਂਦੇ ਰਹੋ। ਮਿੱਠੇ ਅਤੇ ਨਮਕ ਸਮੇਤ ਨਿੰਬੂ ਪਾਣੀ, ਲੱਸੀ, ਓਆਰਐੱਸ, ਨਾਰੀਅਲ ਪਾਣੀ ਅਤੇ ਹੋਰ ਤਰਲ ਪਦਾਰਥ ਸਰੀਰ ਵਿਚ ਪਾਣੀ ਦੀ ਸਹੀ ਮਾਤਰਾ ਬਣਾਈ ਰੱਖਣ ਵਿਚ ਮਦਦਗਾਰ ਹਨ।
ਗਰਮੀ ਤੋਂ ਇਨ੍ਹਾਂ ਲੋਕਾਂ ਨੂੰ ਵੱਧ ਖਤਰਾ
ਐੱਸਐੱਮਓ ਡਾ ਸਿੱਧੂ ਨੇ ਦੱਸਿਆ ਕਿ ਨਵਜਾਤ ਅਤੇ ਛੋਟੇ ਬੱਚੇ, ਗਰਭਵਤੀ ਮਹਿਲਾਵਾਂ, 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਮਜ਼ਦੂਰ, ਖਿਡਾਰੀ, ਮੋਟਾਪੇ ਨਾਲ ਪੀੜਤ ਵਿਅਕਤੀ, ਮਾਨਸਿਕ ਰੋਗੀ ਅਤੇ ਦਿਲ, ਹਾਈ ਬਲੱਡ ਪ੍ਰੈਸ਼ਰ, ਅਨਿਯੰਤ੍ਰਿਤ ਸ਼ੂਗਰ, ਕਿਡਨੀ ਜਾਂ ਲੀਵਰ ਦੀ ਬਿਮਾਰੀ ਨਾਲ ਪੀੜਤ ਮਰੀਜ਼ ਲੂ ਦੇ ਵੱਧ ਖਤਰੇ ਵਿਚ ਰਹਿੰਦੇ ਹਨ। ਜਿਆਦਾ ਸ਼ਰਾਬ ਪੀਣ ਵਾਲੇ ਅਤੇ ਧੁੱਪ ਵਿਚ ਲੰਬੇ ਸਮੇਂ ਤੱਕ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।
_____
ਕੀ ਨਾ ਕਰੋ
• ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਧੁੱਪ ਵਿਚ ਬਾਹਰ ਜਾਣ ਤੋਂ ਬਚੋ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਸਮੇਂ ਬਾਹਰ ਨਾ ਲਿਜਾਓ।
• ਬਹੁਤ ਜ਼ਿਆਦਾ ਗਰਮੀ ਦੇ ਸਮੇਂ ਰਸੋਈ ਵਿਚ ਲੰਬੇ ਸਮੇਂ ਤੱਕ ਖਾਣਾ ਬਣਾਉਣ ਤੋਂ ਬਚੋ ਅਤੇ ਰਸੋਈ ਵਿਚ ਹਵਾ ਆਉਣ-ਜਾਣ ਦੀ ਵਧੀਆ ਵਿਵਸਥਾ ਰੱਖੋ।
• ਸ਼ਰਾਬ, ਚਾਹ, ਕਾਫੀ, ਕਾਰਬੋਨੇਟਿਡ ਅਤੇ ਬਹੁਤ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਵੱਧ ਸੇਵਨ ਨਾ ਕਰੋ, ਕਿਉਂਕਿ ਇਹ ਸਰੀਰ ਵਿਚ ਪਾਣੀ ਦੀ ਕਮੀ ਕਰ ਸਕਦੇ ਹਨ।
• ਤਲਿਆ-ਭੁੰਨਿਆ, ਬਾਸੀ ਅਤੇ ਖੁੱਲ੍ਹਾ ਭੋਜਨ ਨਾ ਖਾਓ, ਕਿਉਂਕਿ ਗਰਮੀ ਵਿਚ ਇਹ ਜਲਦੀ ਖਰਾਬ ਹੋ ਸਕਦਾ ਹੈ।
• ਬੱਚਿਆਂ, ਬਜ਼ੁਰਗਾਂ ਜਾਂ ਪਾਲਤੂ ਜਾਨਵਰਾਂ ਨੂੰ ਬੰਦ ਖੜ੍ਹੀ ਗੱਡੀ ਵਿਚ ਕਦੇ ਵੀ ਨਾ ਛੱਡੋ।
• ਠੰਡੇ ਥਾਂ ਤੋਂ ਇਕਦਮ ਤੇਜ਼ ਗਰਮੀ ਵਿਚ ਨਾ ਨਿਕਲੋ ਅਤੇ ਬਹੁਤ ਠੰਡਾ ਪਾਣੀ ਇਕਦਮ ਨਾ ਪੀਓ।
• ਲੰਬੇ ਸਮੇਂ ਤੱਕ ਸਿੱਧੀ ਧੁੱਪ ਵਿਚ ਖੜ੍ਹੇ ਰਹਿਣ ਜਾਂ ਕੰਮ ਕਰਨ ਤੋਂ ਬਚੋ।
• ਭਾਰੀ ਅਤੇ ਤੰਗ ਕੱਪੜੇ ਪਹਿਨਣ ਤੋਂ ਬਚੋ, ਕਿਉਂਕਿ ਇਹ ਪਸੀਨਾ ਸੁੱਕਣ ਨਹੀਂ ਦਿੰਦੇ।
• ਨੰਗੇ ਪੈਰੀਂ ਗਰਮ ਜ਼ਮੀਨ ’ਤੇ ਨਾ ਚਲੋ।
• ਖਾਲੀ ਪੇਟ ਲੰਬੇ ਸਮੇਂ ਤੱਕ ਧੁੱਪ ਵਿੱਚ ਨਾ ਰਹੋ।
----
ਕੀ ਕਰੋ
• ਸਵੇਰੇ ਅਤੇ ਸ਼ਾਮ ਦੇ ਠੰਡੇ ਸਮੇਂ ਵਿਚ ਹੀ ਬਾਹਰ ਦੇ ਕੰਮ ਕਰਨ ਦੀ ਯੋਜਨਾ ਬਣਾਓ।
• ਪਿਆਸ ਨਾ ਲੱਗਣ ’ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਜਾਂ ਹੋਰ ਤਰਲ ਪਦਾਰਥ ਪੀਂਦੇ ਰਹੋ।
• ਹਲਕੇ ਰੰਗ ਦੇ ਸੁਤੀ ਅਤੇ ਢਿੱਲੇ ਕੱਪੜੇ ਪਹਿਨੋ, ਜੋ ਸਰੀਰ ਨੂੰ ਠੰਡਾ ਰੱਖਣ ਵਿਚ ਮਦਦ ਕਰਦੇ ਹਨ।
• ਸਿਰ ਨੂੰ ਕਪੜੇ, ਟੋਪੀ, ਛੱਤਰੀ, ਤੌਲੀਆ, ਪੱਗ ਜਾਂ ਦੁਪੱਟੇ ਨਾਲ ਢੱਕ ਕੇ ਰੱਖੋ, ਤਾਂ ਜੋ ਸਿੱਧੀ ਧੁੱਪ ਤੋਂ ਬਚਿਆ ਜਾ ਸਕੇ।
• ਬਾਹਰ ਜਾਂਦੇ ਸਮੇਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ ਅਤੇ ਸਮੇਂ-ਸਮੇਂ ’ਤੇ ਪਾਣੀ ਪੀਂਦੇ ਰਹੋ।
• ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ਛਾਛ ਅਤੇ ਓਆਰਐੱਸ ਵਰਗੇ ਤਰਲ ਪਦਾਰਥਾਂ ਦਾ ਸੇਵਨ ਵਧਾਓ।
• ਤਰਬੂਜ, ਸੰਤਰਾ, ਅੰਗੂਰ, ਖੀਰਾ, ਟਮਾਟਰ ਅਤੇ ਹੋਰ ਮੌਸਮੀ ਫਲ ਅਤੇ ਸਬਜ਼ੀਆਂ ਵੱਧ ਖਾਓ, ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
• ਧੁੱਪ ਵਿਚ ਕੰਮ ਕਰਦੇ ਸਮੇਂ ਵਿਚਕਾਰ-ਵਿਚਕਾਰ ਛਾਂ ਵਿਚ ਆਰਾਮ ਕਰੋ ਅਤੇ ਸਰੀਰ ਨੂੰ ਠੰਡਾ ਰੱਖੋ।
• ਧੁੱਪ ਵਿਚ ਨਿਕਲਦੇ ਸਮੇਂ ਸਨਸਕਰੀਨ ਅਤੇ ਗੂੜ੍ਹੇ ਰੰਗ ਦੇ ਚਸ਼ਮੇ ਦੀ ਵਰਤੋਂ ਕਰੋ।
• ਘਰਾਂ ਅਤੇ ਕੰਮ ਵਾਲੀਆਂ ਥਾਵਾਂ ’ਤੇ ਠੰਡਕ ਬਣਾਈ ਰੱਖਣ ਲਈ ਪੱਖੇ, ਕੂਲਰ ਜਾਂ ਹਵਾ ਦੇ ਆਵਾਗਮਨ ਦੀ ਸਹੀ ਵਿਵਸਥਾ ਰੱਖੋ।
• ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹਲਕਾ ਅਤੇ ਪੌਸ਼ਟਿਕ ਭੋਜਨ ਕਰੋ।
• ਜੇਕਰ ਬਾਹਰ ਕੰਮ ਕਰਨਾ ਲਾਜ਼ਮੀ ਹੋਵੇ, ਤਾਂ ਵਿਚਕਾਰ ਪਾਣੀ ਪੀ ਕੇ ਅਤੇ ਛਾਂ ਵਿਚ ਆਰਾਮ ਕਰਕੇ ਕੰਮ ਕਰੋ।
ਉਨ੍ਹਾਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਾਰੀ ਕੀਤੀ ਗਈ ਐਡਵਾਇਜ਼ਰੀ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਲੂ ਤੋਂ ਸੁਰੱਖਿਅਤ ਰੱਖਿਆ ਜਾਵੇ। ਉਨ੍ਹਾਂ ਕਿਹਾ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਗੰਭੀਰ ਲੱਛਣ ਦਿਖਾਈ ਦੇਣ ’ਤੇ ਬਿਨ੍ਹਾਂ ਦੇਰੀ ਕੀਤੇ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।