ਕਿਸਾਨ ਫ਼ਸਲ ਨੂੰ ਬਚਾਉਣ ਲਈ ਹਲਕਾ ਪਾਣੀ ਲਗਾਉਣ
ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ
Publish Date: Fri, 20 Feb 2026 03:27 PM (IST)
Updated Date: Sat, 21 Feb 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਗਰਮੀ ਦੇ ਪ੍ਰਭਾਵ ਤੋਂ ਕਣਕ ਦੀ ਫ਼ਸਲ ਨੂੰ ਬਚਾਉਣ ਲਈ ਹਲਕਾ ਪਾਣੀ ਲਗਾਉਣ। ਉਨ੍ਹਾਂ ਕਿਹਾ ਕਿ ਮੋਗਾ ਦੇ ਕਿਸਾਨਾਂ ਵੱਲੋਂ ਕਣਕ ਦੀ ਬੀਜਾਈ ਨਵੰਬਰ ਦੇ ਪਹਿਲੇ ਪਦਰ੍ਹਵਾੜੇ ਤੱਕ ਕਰ ਦਿੱਤੀ ਗਈ ਸੀ ਜੋ ਬੀਜਾਈ ਦਾ ਢੁੱਕਵਾਂ ਸਮਾਂ ਸੀ। ਕਣਕ ਦੀ ਫਸਲ ਦਾਣੇ ਪੈਣ ਸਮੇਂ ਵੱਧ ਤਾਪਮਾਨ ਪ੍ਰਤੀ ਸੰਵੇਦਨਸ਼ੀਲ ਫਸਲ ਹੈ। ਇਸ ਸਮੇਂ ਵੱਧਦੀ ਗਰਮੀ ਦਾ ਮਾੜਾ ਪ੍ਰਭਾਵ ਕਣਕ ਦੀ ਫਸਲ ’ਤੇ ਪੈਂਦਾ ਹੈ ਜਿਸ ਕਾਰਨ ਫ਼ਸਲ ਦੇ ਝਾੜ ਅਤੇ ਗੁਣਵੱਤਾ ਵਿਚ ਗਿਰਾਵਟ ਆਉਂਦੀ ਹੈ। ਜੇਕਰ ਦਿਨ ਦਾ ਤਾਪਮਾਨ 35 ਡਿਗਰੀ ਤੋ਼ ਵੱਧਦਾ ਹੈ ਤਾਂ ਇਸ ਨਾਲ ਕਣਕ ਦੀ ਫ਼ਸਲ ਦੇ ਦਾਣੇ ਮਾੜੇ ਰਹਿ ਜਾਂਦੇ ਹਨ, ਫ਼ਸਲ ਜਲਦੀ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਝਾੜ ਵਿਚ ਗਿਰਾਵਟ ਆ ਜਾਂਦੀ ਹੈ। ਇਸ ਸਮੇਂ ਦਿਨੋਂ ਦਿਨ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ ਜਿਸ ਨਾਲ ਕਣਕ ਦੀ ਫ਼ਸਲ ’ਤੇ ਮਾੜਾ ਪ੍ਰਭਾਵ ਪੈਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਸਿੱਟੇ ਨਿਕਲਣ ਸਮੇਂ ਅਤੇ ਪੱਕਣ ਸਮੇਂ ਗਰਮੀ ਨੂੰ ਮੁੱਖ ਰੱਖਦੇ ਹੋਏ ਪਾਣੀ ਦੀ ਬਹੁਤ ਮਹੱਤਤਾ ਹੈ, ਇਸ ਲਈ ਕਿਸਾਨ ਕਣਕ ਦੀ ਫਸਲ ਨੂੰ ਗਿੱਲੇ ਵੱਤਰ ਤੇ ਹੀ ਪਾਣੀ ਲਗਾਉਣ ਕਿਉਂਕਿ ਜੇਕਰ ਵੱਤਰ ਸੁਕਾ ਕੇ ਪਾਣੀ ਲਾਇਆ ਗਿਆ ਤਾਂ ਹਲਕੀ ਜਿਹੀ ਹਵਾ ਦੇ ਨਾਲ ਫ਼ਸਲ ਡਿੱਗ ਪੈਦੀ ਹੈ ਅਤੇ ਝਾੜ ਘੱਟ ਜਾਂਦਾ ਹੈ। ਇਸ ਲਈ ਫ਼ਸਲ ਨੂੰ ਹਲਕਾ ਪਾਣੀ ਦੇਣਾ ਲਾਹੇਵੰਦ ਹੋਵੇਗਾ ਅਤੇ ਪਾਣੀ ਦੇਣ ਸਮੇਂ ਹਵਾ ਦਾ ਰੁਖ਼ ਵੇਖਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਜਦ ਗੋਭ ਅਵੱਸਥਾ ਵਿਚ ਹੋਵੇ ਤਾਂ ਗਰਮ ਤਾਪਮਾਨ ਤੋਂ ਬਚਾਉਣ ਲਈ ਕਿਸਾਨ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਣਕ ਦੀ ਫ਼ਸਲ ’ਤੇ ਕਰ ਸਕਦੇ ਹਨ। ਪਹਿਲਾ ਸਪਰੇ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜਾ ਬੂਰ ਪੈਣ ਸਮੇਂ ਕੀਤਾ ਜਾ ਸਕਦਾ ਹੈ।