ਨਿੱਜੀ ਹਸਪਤਾਲ ਅੱਦੇ ਲਾਸ਼ ਰੱਖ ਕੇ ਦਿੱਤਾ ਧਰਨਾ
ਪੱਤਰ ਪੇ੍ਰਰਕ, ਸ੍ਰੀ ਮੁਕਤਸਰ ਸਾਹਿਬ : ਪਿੰਡ ਭੰਗਚੜੀ ਦੇ ਲੋਕਾਂ ਨੇ ਅੱਜ ਬਠਿੰਡਾ ਰੋਡ 'ਤੇ ਸਥਿਤ ਇੱਕ ਨਿੱਜੀ ਹਸਪਤਾਲ ਅੱਗੇ
Publish Date: Fri, 19 Apr 2024 03:00 AM (IST)
Updated Date: Fri, 19 Apr 2024 03:00 AM (IST)

ਪੱਤਰ ਪੇ੍ਰਰਕ, ਸ੍ਰੀ ਮੁਕਤਸਰ ਸਾਹਿਬ : ਪਿੰਡ ਭੰਗਚੜੀ ਦੇ ਲੋਕਾਂ ਨੇ ਅੱਜ ਬਠਿੰਡਾ ਰੋਡ 'ਤੇ ਸਥਿਤ ਇੱਕ ਨਿੱਜੀ ਹਸਪਤਾਲ ਅੱਗੇ ਬਜ਼ੁਰਗ ਵਿਅਕਤੀ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਾਮਲਾ ਗਰਮਾ ਗਿਆ ਜਿਸਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਹਸਪਤਾਲ 'ਚ ਦੋ ਵਾਰ ਆਪੇ੍ਸ਼ਨ ਹੋਣ ਦੇ ਬਾਵਜੂਦ ਬਜ਼ੁਰਗ ਸੁਖਦੇਵ ਸਿੰਘ ਧਾਲੀਵਾਲ ਦੇ ਪਿੱਤੇ ਦੀ ਪੱਥਰੀ ਨਹੀਂ ਕੱਢੀ ਗਈ ਜਿਸ ਕਾਰਨ ਬਜ਼ੁਰਗ ਦੀ ਇਨਫੈਕਸ਼ਨ ਕਾਰਨ ਮੌਤ ਹੋ ਗਈ। ਉਸਦੀ ਮੌਤ ਲਈ ਹਸਪਤਾਲ ਦੇ ਡਾਕਟਰ ਜ਼ਿੰਮੇਵਾਰ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਪਰਮਿੰਦਰ ਸਿੰਘ, ਜਸਵੀਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਜ਼ੁਰਗ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਇਨਫੈਕਸ਼ਨ ਜ਼ਿਆਦਾ ਹੋਣ ਕਾਰਨ ਅਪੇ੍ਸ਼ਨ ਕਰਨ ਦੀ ਗੱਲ ਕਹੀ। ਆਪੇ੍ਸ਼ਨ ਤੋਂ ਬਾਅਦ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਪਰ ਘਰ ਜਾਂਦੇ ਹੀ ਸਮੱਸਿਆ ਵਧ ਗਈ। ਮਰੀਜ਼ ਨੂੰ ਦੁਬਾਰਾ ਹਸਪਤਾਲ ਲਿਆਂਦਾ ਗਿਆ ਅਤੇ ਡਾਕਟਰਾਂ ਨੇ ਦੁਬਾਰਾ ਅਪੇ੍ਸ਼ਨ ਕੀਤਾ। ਦੋ ਅਪੇ੍ਸ਼ਨਾਂ ਦੇ ਬਾਵਜੂਦ ਦਰਦ ਨਹੀਂ ਰੁਕਿਆ ਅਤੇ ਸੁਖਦੇਵ ਸਿੰਘ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਡਾਕਟਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਆਈਐਮਏ ਦੇ ਪ੍ਰਧਾਨ ਅਤੇ ਸਾਬਕਾ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ ਮਿ੍ਤਕ ਮਰੀਜ਼ ਪਹਿਲਾਂ ਵੀ ਕਈ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾ ਚੁੱਕਾ ਹੈ। ਜਦੋਂ ਉਹ ਇੱਥੇ ਆਇਆ ਤਾਂ ਰਿਸਕ ਦੇਖਦੇ ਹੋਏ ਡਾਕਟਰ ਨੇ ਉਸਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਹੀ ਮਰੀਜ਼ ਦਾ ਅਪੇ੍ਸ਼ਨ ਕੀਤਾ। ਪਰਿਵਾਰਕ ਮੈਂਬਰ ਬੇਵਜ੍ਹਾ ਧਰਨਾ ਦੇ ਰਹੇ ਹਨ। ਮਰੀਜ਼ ਦਾ ਅਪੇ੍ਸ਼ਨ ਕਰੀਬ ਡੇਢ ਮਹੀਨਾ ਪਹਿਲਾਂ ਹੋਇਆ ਸੀ ਅਤੇ ਡਾਕਟਰ ਵੱਲੋਂ ਫਾਲੋਅੱਪ ਲਈ ਬੁਲਾਉਣ ਤੋਂ ਬਾਅਦ ਵੀ ਜੇਕਰ ਉਹ ਉਸ ਸਮੇਂ ਹਸਪਤਾਲ ਨਹੀਂ ਆਏ ਤਾਂ ਡਾਕਟਰ ਕੀ ਕਰ ਸਕਦਾ ਹੈ। ਮਰੀਜ਼ ਵੱਲੋਂ ਪੱਥਰੀ ਨਾ ਕੱਢੇ ਜਾਣ ਕਾਰਨ ਹੋਈ ਮੌਤ ਦੇ ਮਾਮਲੇ 'ਤੇ ਉਨਾਂ੍ਹ ਕਿਹਾ ਕਿ ਮੌਤ ਪੱਥਰੀ ਕਾਰਨ ਨਹੀਂ ਹੋ ਸਕਦੀ। ਜੇਕਰ ਉਨਾਂ੍ਹ ਨੂੰ ਅਜਿਹਾ ਕੋਈ ਸ਼ੱਕ ਹੈ ਤਾਂ ਪੋਸਟਮਾਰਟਮ ਕਰਵਾਓ। ਉਸਤੋਂ ਬਾਅਦ ਮੈਡੀਕਲ ਕੋਰਟ ਫੈਸਲਾ ਕਰੇਗੀ ਅਤੇ ਉਹ ਇਸ ਨਾਲ ਸਹਿਮਤ ਹੋਣਗੇ।