ਗੋਲੇਵਾਲਾ ਰੇਲਵੇ ਫਾਟਕ ਮੁੜ ਖੋਲ੍ਹਣ ਦੀ ਕੀਤੀ ਮੰਗ
ਗੋਲੇਵਾਲਾ ਦੇ ਰੇਲਵੇ ਫਾਟਕ ਨੂੰ ਮੁੜ ਖੋਲ੍ਹਣ ਲਈ ਇਲਾਕਾ ਨਿਵਾਸੀਆਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਨੂੰ ਸੌਂਪਿਆ ਮੰਗ ਪੱਤਰ
Publish Date: Fri, 01 May 2026 03:48 PM (IST)
Updated Date: Sat, 02 May 2026 04:02 AM (IST)
ਵਿਕਾਸ ਕੁਮਾਰ ਗਰਗ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਫਰੀਦਕੋਟ : ਪਿੰਡ ਗੋਲੇਵਾਲਾ ਅਤੇ ਆਲੇ-ਦੁਆਲੇ ਦੇ ਕਈ ਪਿੰਡਾਂ ਕਾਬਲਵਾਲਾ, ਹੱਸਣਭੱਟੀ, ਹਰਦਿਆਲੇਵਾਲਾ, ਪਹਿਲੂਵਾਲਾ ਅਤੇ ਰਾਜੇਵਾਲਾ ਦੇ ਨਿਵਾਸੀਆਂ ਵੱਲੋਂ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੌਰਵ ਕੱਕੜ ਨੂੰ ਇਕ ਵਿਸ਼ੇਸ਼ ਮੰਗ ਪੱਤਰ ਦਿੱਤਾ ਗਿਆ। ਇਸ ਪੱਤਰ ਰਾਹੀਂ ਲੋਕਾਂ ਨੇ ਮੰਗ ਕੀਤੀ ਹੈ ਕਿ ਫਿਰੋਜ਼ਪੁਰ ਤੋਂ ਬਠਿੰਡਾ ਜਾਣ ਵਾਲੀ ਰੇਲਵੇ ਲਾਈਨ 'ਤੇ ਗੋਲੇਵਾਲਾ ਨਗਰ ਵਿੱਚ ਜੋ ਫਾਟਕ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਸੀ, ਉਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਫਾਟਕ ਬੰਦ ਹੋਣ ਕਾਰਨ ਬੱਚਿਆਂ ਦੇ ਸਕੂਲ ਜਾਣ, ਐਮਰਜੈਂਸੀ ਮੈਡੀਕਲ ਹਾਲਤਾਂ ਅਤੇ ਰੋਜ਼ਾਨਾ ਦੇ ਕੰਮਾਂ ਲਈ ਆਉਣ-ਜਾਣ ਵਿੱਚ ਵੱਡੀ ਰੁਕਾਵਟ ਪੈਦਾ ਹੋ ਰਹੀ ਹੈ। ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਰੇਲਵੇ ਵਿਭਾਗ ਨਾਲ ਗੱਲਬਾਤ ਕਰਕੇ ਇਸ ਫਾਟਕ ਨੂੰ ਜਲਦੀ ਤੋਂ ਜਲਦੀ ਮੁੜ ਚਾਲੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀ ਖੱਜਲ-ਖੁਆਰੀ ਖਤਮ ਹੋ ਸਕੇ।