ਲੇਖਕ ਡਾ. ਅੰਬਰੀਸ਼ ਨੂੰ ਊੜਾ ਪੁਰਸਕਾਰ ਪ੍ਰਦਾਨ
ਪੰਜਾਬੀ ਦੇ ਨਾਮਵਰ ਵਾਰਤਕਕਾਰ ਅਤੇ
Publish Date: Sat, 09 May 2026 04:00 PM (IST)
Updated Date: Sun, 10 May 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਪੰਜਾਬੀ ਦੇ ਨਾਮਵਰ ਵਾਰਤਕਕਾਰ ਅਤੇ ਸ਼ਾਇਰ ਡਾ. ਅੰਬਰੀਸ਼ ਦੀ ਪੁਸਤਕ ਘਾੜਤਾਂ ਵਿਲੱਖਣ ’ਤੇ ਵਿਵਿਧ ਕਿਸਮ ਦੀ ਵਾਰਤਕ ਹੈ। ਪੰਜਾਬੀ ਦੀ ਇਹ ਪਹਿਲੀ ਵਾਰਤਕ ਪੁਸਤਕ ਹੈ, ਜਿਸ ਵਿਚ ਇਕੋ ਸਮੇਂ ਅਨੇਕਾਂ ਵਿਸ਼ਿਆਂ ਬਾਰੇ ਲਿਖਿਆ ਗਿਆ ਹੈ। ਘਾੜਤਾਂ ਪੁਸਤਕ ਪੰਜਾਬੀ ਵਾਰਤਕਕਾਰੀ ਵਿਚ ਜ਼ਿਕਰਯੋਗ ਵਾਧਾ ਕਰਨ ਵਾਲੀ ਪੁਸਤਕ ਹੈ। ਇਹ ਸ਼ਬਦ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਅਤੇ ਉੱਘੇ ਸ਼ਾਇਰ ਮਨਜੀਤ ਪੁਰੀ ਨੇ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਇੱਕ ਭਰਵੇਂ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੇ। ਮਹਿੰਦਰ ਸਾਥੀ ਮੰਚ ਵੱਲੋਂ ਕਰਵਾਏ ਇਸ ਸਮਾਗਮ ਵਿਚ ਪ੍ਰਸਿੱਧ ਸ਼ਾਇਰ ਅਤੇ ਵਾਰਤਕਾਰ ਡਾਕਟਰ ਅੰਬਰੀਸ਼ ਨੂੰ ਸਰਦਾਰ ਅਮਰ ਸਿੰਘ ਸੇਖੋਂ ਦੀ ਯਾਦ ਵਿਚ ਊੜਾ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਊੜਾ ਪਬਲੀਕੇਸ਼ਨ ਵੱਲੋਂ ਸਥਾਪਤ ਇਹ ਪੁਰਸਕਾਰ ਇਸ ਤੋਂ ਪਹਿਲਾਂ ਸ਼ਾਇਰ ਗੁਰਪ੍ਰੀਤ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ। ਡਾ. ਅੰਬਰੀਸ਼ ਦੇ ਜੀਵਨ ਅਤੇ ਸ਼ਾਇਰੀ ਬਾਰੇ ਨਾਮਵਰ ਪੰਜਾਬੀ ਕਵੀ ਗੁਰਪ੍ਰੀਤ ਨੇ ਕਿਹਾ ਕਿ ਡਾ. ਅੰਬਰੀਸ਼ ਬਹੁਤ ਹੀ ਸੂਖ਼ਮ ਤੇ ਸੰਵੇਦਨਸ਼ੀਲ ਕਵਿਤਾ ਲਿਖਣ ਵਾਲਾ ਇਨਸਾਨ ਹੈ। ਸਨਮਾਨਿਤ ਸ਼ਾਇਰ ਬਾਰੇ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਅਤੇ ਮੰਚ ਸੰਚਾਲਕ ਗੁਰਪ੍ਰੀਤ ਧਰਮਕੋਟ ਨੇ ਕਿਹਾ ਕਿ ਡਾ. ਅੰਬਰੀਸ਼ ਪੰਜਾਬੀ ਦੇ ਉਨ੍ਹਾਂ ਵਿਕੋਲਿਤਰੇ ਸ਼ਾਇਰਾਂ ’ਚੋਂ ਹੈ, ਜਿਹੜੇ ਦਿਲ ਨਾਲ਼ ਸ਼ਾਇਰੀ ਕਰਦੇ ਹਨ। ਮਹਿੰਦਰ ਸਾਥੀ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਮੰਚ ਡਾ. ਅੰਬਰੀਸ਼ ਦੀ ਵਿਲੱਖਣ ਕਾਵਿ ਅਤੇ ਵਾਰਤਿਕ ਕਲਾ ਦਾ ਸਨਮਾਨ ਕਰਦਿਆਂ ਖੁਸ਼ੀ ਮਹਿਸੂਸ ਕਰ ਰਿਹਾ ਹੈ। ਨਾਮਵਰ ਮਾਰਕਸਵਾਦੀ ਆਲੋਚਕ ਡਾ. ਸੁਰਜੀਤ ਬਰਾੜ ਅਨੁਸਾਰ ਡਾ. ਅੰਬਰੀਸ਼ ਨਿੱਕੀ ਗੱਲ ਨੂੰ ਵੱਡੇ ਅਰਥ ਦੇਣ ਦੇ ਸਮਰੱਥ ਹੈ। ਪ੍ਰਸਿੱਧ ਵਿਅੰਗਕਾਰ ਅਤੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕੇਐਲ ਗਰਗ ਨੇ ਕਿਹਾ ਕਿ ਡਾ. ਅੰਬਰੀਸ਼ ਦਾ ਚਾਰ ਦਹਾਕਿਆਂ ਲੰਮਾ ਸਾਹਿਤਕ ਸਫ਼ਰ ਸਨਮਾਨ ਦਾ ਹੱਕਦਾਰ ਹੈ। ਇਸ ਮੌਕੇ ’ਤੇ ਹਾਜ਼ਰ ਡਾ. ਸਰਬਜੀਤ ਕੌਰ ਬਰਾੜ, ਕੈਪਟਨ ਜਸਵੰਤ ਸਿੰਘ ਪੰਡੋਰੀ, ਡਾ. ਸਾਧੂ ਰਾਮ ਲੰਗੇਆਣਾ, ਦਿਲਬਾਗ ਸਿੰਘ ਬੁੱਕਣ ਵਾਲਾ, ਸੋਨੀ ਮੋਗਾ, ਅਮਨਪ੍ਰੀਤ ਕੌਰ, ਸਿਮਰਜੀਤ ਸਿੰਮੀ, ਅਮਰਪ੍ਰੀਤ ਕੌਰ ਸੰਘਾ, ਕਰਮਜੀਤ ਕੌਰ ਲੰਡੇਕੇ, ਸਰਬਜੀਤ ਕੌਰ ਮਾਹਲਾ, ਡਾ ਹਰਨੇਕ ਸਿੰਘ ਰੋਡੇ, ਹਰਚਰਨ ਸਿੰਘ ਚੋਹਲਾ, ਪ੍ਰਤਾਪ ਹੀਰਾ ਅਤੇ ਮਨਦੀਪ ਸਿੰਘ ਘੱਲਕਲਾਂ ਸਮੇਤ ਹੋਰ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਡਾ. ਅੰਬਰੀਸ਼ ਨੂੰ ਵਧਾਈ ਦਿੱਤੀ। ਡਾ. ਅੰਬਰੀਸ਼ ਦੀ ਜੀਵਨ ਸਾਥਣ ਪਰਮਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।