ਰਾਜਾ ਵੜਿੰਗ ਨੇ ਈਓ ’ਤੇ ਵੋਟਾਂ ਕੱਟਣ ਦੇ ਗੰਭੀਰ ਦੋਸ਼ ਲਗਾਏ
ਰਾਜਾ ਵੜਿੰਗ ਨੇ ਕਾਰਜਸਾਧਕ ਅਫਸਰ ਤੇ ਵੋਟਾਂ ਕੱਟਣ ਦੇ ਗੰਭੀਰ ਦੋਸ਼ ਲਗਾਏ
Publish Date: Fri, 15 May 2026 03:45 PM (IST)
Updated Date: Fri, 15 May 2026 03:48 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਈਓ ’ਤੇ ਵੱਖ ਵੱਖ ਵਾਰਡਾਂ ਵਿਚੋਂ ਸੱਤਾਧਾਰੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਇਕ ਵਾਰਡ ਵਿਚੋਂ ਵੋਟਾਂ ਕੱਟ ਕੇ ਦੂਜੇ ਵਾਰਡ ਵਿਚ ਕੀਤੇ ਜਾਣ ਦੇ ਗੰਭੀਰ ਦੋਸ਼ ਲਗਾਏ ਹਨ। ਵੜਿੰਗ ਨੇ ਕਿਹਾ ਕਿ ਨੋਟੀਫਿਕੇਸ਼ਨ ਤੋਂ ਬਾਅਦ ਈਓ ਸੁਨੀਲ ਦੱਤ ਵਰਮਾ ਸੱਤਾਧਾਰੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਵਾਰਡ ਨੰਬਰ 18 ਦੀਆਂ 298 ਵੋਟਾਂ ਨੂੰ ਕੱਟ ਕੇ ਵਾਰਡ ਨੰਬਰ 16 ਅਤੇ 17 ਵਿਚ ਕਰ ਦਿੱਤਾ ਹੈ। ਇਸਤੋਂ ਇਲਾਵਾ 165 ਵੋਟਾਂ ਨੂੰ ਉਕਤ ਵਾਰਡ ਨੰ 18 ਵਿਚੋਂ ਕੱਟਦੇ ਹੋਏ ਇੰਨਾਂ ਨੂੰ ਵਾਰਡ ਨੰ 19 ਵਿਚ ਕਰ ਦਿੱਤਾ ਗਿਆ ਹੈ। ਇੰਨਾਂ ਹੀ ਨਹੀਂ ਆਪਣੇ ਚਹੇਤਿਆਂ ਨੂੰ ਫਾਇਦਾ ਦੇਣ ਲਈ ਵਾਰਡ ਨੰ 18 ਵਿਚ 135 ਵੋਟਾਂ ਬਾਹਰੀ ਵਾਰਡਾਂ ਵਿਚੋਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਵਾਰਡ ਨੰ 4 ਦੀਆਂ ਵੋਟਾਂ ਨੂੰ ਕੱਟ ਕੇ ਵਾਰਡ ਨੰਬਰ 7 ਵਿਚ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਧਰਨਾ ਲਗਾਵਾਂਗੇ, ਕੋਰਟ ਵਿਚ ਜਾਵਾਂਗੇ ਅਤੇ ਪ੍ਰਦਰਸ਼ਨ ਕਰਾਂਗੇ। ਫਿਲਹਾਲ ਉਹ ਗਿੱਦੜਬਾਹਾ ਦੇ ਐੱਸਡੀਐੱਮ ਅਰਵਿੰਦਰ ਪਾਲ ਸਿੰਘ ਨੂੰ ਇਸ ਮਾਮਲੇ ਸੰਬੰਧੀ ਮਿਲਣ ਲਈ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਏ ਕਿ ਕਾਂਗਰਸ ਦੇ ਉਮੀਦਵਾਰਾਂ ਨੂੰ ਨੋ ਡਿਊਜ ਸਰਟੀਫਿਕੇਟ ਨਹੀਂ ਜਾਰੀ ਕੀਤੇ ਜਾ ਰਹੇ ਅਤੇ ਕਿਸੇ ਵਿਅਕਤੀ ਪਾਸੋਂ ਘਰ ਦਾ ਨਕਸ਼ਾ ਮੰਗਿਆ ਜਾ ਰਿਹਾ ਹੈ ਅਤੇ ਕਿਸੇ ਤੋਂ ਕੁਝ ਹੋਰ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਦੀਪਕ ਗਰਗ, ਐਡਵੋਕੇਟ ਮੋਹਿਤ ਗਰਗ ਗੌਰਵ, ਸੰਦੀਪ ਗਰਗ ਸੀਪਾ, ਦਵਿੰਦਰ ਸਿੰਘ ਹੰਟੀ, ਸੁਖਮੰਦਰ ਸਿੰਘ ਲੱਕੀ, ਬਿੰਦਰ ਬਾਂਸਲ, ਹੈਪੀ ਅਹੂਜਾ ਆਦਿ ਵੀ ਮੌਜੂਦ ਸਨ। ਉਧਰ ਈਓ ਸੁਨੀਲ ਦੱਤ ਵਰਮਾ ਨੇ ਕਿਹਾ ਕਿ ਵੋਟਰ ਲਿਸਟਾਂ ਬਾਰੇ ਜਿੰਨਾਂ-ਜਿੰਨਾ ਮੈਂਬਰਾਂ ਵੱਲੋਂ ਇਤਰਾਜ ਦਿੱਤੇ ਗਏ ਸਨ ਉਨ੍ਹਾਂ ਦੀ ਸੁਣਵਾਈ ਉਪਰੰਤ ਹੀ ਪਬਲੀਕੇਸ਼ਨ ਕੀਤੀ ਗਈ ਹੈ। ਕਿਸੇ ਵੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਜਾਂ ਫਾਇਦਾ ਪਹੁੰਚਾਉਣ ਦੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਹ ਨਿਯਮਾਂ ਅਨੁਸਾਰ ਅਪਲਾਈ ਕਰਨ ਵਾਲਿਆਂ ਨੂੰ ਜਾਰੀ ਕੀਤੀ ਜਾ ਰਹੀਆਂ ਹਨ।