ਬਲਦ ਗੱਡੀ ’ਤੇ ਵੋਟ ਪਾਉਣ ਪਹੁੰਚੇ ਰਾਜਾ ਵੜਿੰਗ
ਬਲਦ ਗੱਡੀ ’ਤੇ ਵੋਟ ਪਾਉਣ ਪਹੁੰਚੇ ਰਾਜਾ ਵੜਿੰਗ
Publish Date: Tue, 26 May 2026 06:42 PM (IST)
Updated Date: Wed, 27 May 2026 04:05 AM (IST)

ਤਸਵੀਰ : 26ਐਮਕੇਟੀ1 ਬਲਦ ਗੱਡੀ ’ਤੇ ਵੋਟ ਪਾਉਣ ਜਾਂਦੇ ਹੋਏ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ। - ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ’ਤੇ ਜਤਾਇਆ ਵਿਰੋਧ ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੰਗਲਵਾਰ ਨੂੰ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਬਲਦ ਗੱਡੀ ’ਤੇ ਸਵਾਰ ਹੋ ਕੇ ਮੁਕਤਸਰ ਦੇ ਵਾਰਡ ਨੰਬਰ-5 ’ਚ ਵੋਟ ਪਾਉਣ ਪਹੁੰਚੇ। ਮਹਿੰਗਾਈ ਖ਼ਿਲਾਫ਼ ਸੰਕੇਤਕ ਵਿਰੋਧ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਇਸ ਕਦਰ ਵਧ ਗਈਆਂ ਹਨ ਕਿ ਆਮ ਆਦਮੀ ਲਈ ਗੱਡੀ ਚਲਾਉਣੀ ਮੁਸ਼ਕਲ ਹੋ ਗਈ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਅਜਿਹੇ ਹਾਲਾਤ ਬਣ ਗਏ ਹਨ ਕਿ ਲੋਕਾਂ ਨੂੰ ਆਪਣੇ ਵਾਹਨ ਘਰਾਂ ’ਚ ਖੜ੍ਹੇ ਕਰਨੇ ਪੈ ਰਹੇ ਹਨ। ਗਰੀਬ ਵਿਅਕਤੀ ਕਿਵੇਂ ਗੁਜ਼ਾਰਾ ਕਰੇਗਾ? ਜਿਸ ਦੀ ਆਮਦਨ ਘੱਟ ਹੈ, ਉਹ ਘਰ ਚਲਾਏਗਾ ਜਾਂ ਵਾਹਨ? ਉਨ੍ਹਾਂ ਦੱਸਿਆ ਕਿ ਪੰਜਾਬ ’ਚ ਔਸਤਨ ਪੈਟਰੋਲ 105.44 ਤੇ ਡੀਜ਼ਲ 95.38 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨਰਿੰਦਰ ਮੋਦੀ ਨੂੰ ਸਿਰਫ਼ ਚੋਣਾਂ ਜਿੱਤਣ ਲਈ ਪ੍ਰਧਾਨ ਮੰਤਰੀ ਨਹੀਂ ਬਣਾਇਆ ਗਿਆ। ਜਨਤਾ ਨੂੰ ਰਾਹਤ ਦੇਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਬਲਦ ਗੱਡੀ ’ਤੇ ਵੋਟ ਪਾਉਣ ਜਾਣ ਦਾ ਮਕਸਦ ਸਰਕਾਰ ਨੂੰ ਸੰਦੇਸ਼ ਦੇਣਾ ਸੀ ਕਿ ਮਹਿੰਗਾਈ ਨੇ ਹਾਲਾਤ ਇੰਨੇ ਖ਼ਰਾਬ ਕਰ ਦਿੱਤੇ ਹਨ ਕਿ ਲੋਕਾਂ ਨੂੰ ਮੁੜ ਬਲਦ ਗੱਡੀਆਂ ਦਾ ਸਹਾਰਾ ਲੈਣਾ ਪਵੇਗਾ। ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਕਾਂਗਰਸ ਦੇਸ਼ ਭਰ ਤੇ ਪੰਜਾਬ ’ਚ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਵੱਡਾ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ’ਚ ਚੌਥੀ ਵਾਰ ਕੀਮਤਾਂ ਵਧੀਆਂ ਹਨ। ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਟ੍ਰਾਂਸਪੋਰਟ ਮਹਿੰਗੀ ਹੋ ਰਹੀ ਹੈ ਅਤੇ ਸਬਜ਼ੀਆਂ, ਰਾਸ਼ਨ ਸਮੇਤ ਜ਼ਰੂਰੀ ਚੀਜ਼ਾਂ ਦੇ ਭਾਅ ਵੀ ਵਧਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਆਮ ਘਰ ਦਾ ਬਜਟ 10 ਤੋਂ 15 ਫ਼ੀਸਦੀ ਤੱਕ ਵਧਾ ਦਿੱਤਾ ਹੈ। ਕਿਸਾਨਾਂ ’ਤੇ ਵੀ ਬੋਝ ਵਧ ਰਿਹਾ ਹੈ। ਕਾਂਗਰਸ ਜਨਤਾ ਦੀ ਆਵਾਜ਼ ਬਣ ਕੇ ਸੜਕ ਤੋਂ ਲੈ ਕੇ ਸੰਸਦ ਤੱਕ ਇਹ ਮੁੱਦਾ ਚੁੱਕੇਗੀ।