ਸੋਮਵਾਰ ਦੁਪਹਿਰ ਵੇਲੇ ਪਏ ਅਚਾਨਕ ਤੇਜ਼

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸੋਮਵਾਰ ਦੁਪਹਿਰ ਵੇਲੇ ਪਏ ਅਚਾਨਕ ਤੇਜ਼ ਮੀਂਹ ਨੇ ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਹਾਲਾਤ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੇ। ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ ਤਪਦੇ ਮੌਸਮ ਤੋਂ ਲੋਕਾਂ ਨੂੰ ਭਾਵੇਂ ਕੁੱਝ ਹੱਦ ਤੱਕ ਰਾਹਤ ਮਿਲੀ ਪਰ ਦੂਜੇ ਪਾਸੇ ਇਸ ਬਾਰਿਸ਼ ਨੇ ਅਨਾਜ ਮੰਡੀਆਂ ਵਿੱਚ ਪਈ ਕਣਕ ਦੀ ਫ਼ਸਲ ਲਈ ਵੱਡਾ ਖ਼ਤਰਾ ਖੜ੍ਹਾ ਕਰ ਦਿੱਤਾ। ਮੋਗਾ ਦੀ ਅਨਾਜ ਮੰਡੀ ਵਿਚ ਖੁੱਲ੍ਹੇ ਅਸਮਾਨ ਹੇਠ ਪਈਆਂ ਕਣਕ ਦੀਆਂ ਬੋਰੀਆਂ ਮੀਂਹ ਦੇ ਪਾਣੀ ਨਾਲ ਭਿੱਜ ਗਈਆਂ, ਜਿਸ ਕਾਰਨ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਵਿਚ ਹੜਕੰਪ ਮਚ ਗਿਆ। ਮੀਂਹ ਸ਼ੁਰੂ ਹੁੰਦੇ ਹੀ ਮੰਡੀ ਵਿਚ ਹਾਹਾਕਾਰ ਵਾਲੇ ਹਾਲਾਤ ਬਣ ਗਏ। ਹਰ ਕੋਈ ਆਪਣੀ ਫ਼ਸਲ ਨੂੰ ਬਚਾਉਣ ਲਈ ਦੌੜਭੱਜ ਕਰਦਾ ਨਜ਼ਰ ਆਇਆ। ਕਈ ਥਾਵਾਂ ’ਤੇ ਮਜ਼ਦੂਰ ਪਾਣੀ ਵਿੱਚੋਂ ਕਣਕ ਦੀਆਂ ਬੋਰੀਆਂ ਕੱਢ ਕੇ ਸੁੱਕੀਆਂ ਥਾਵਾਂ ’ਤੇ ਰੱਖਦੇ ਦਿਖਾਈ ਦਿੱਤੇ, ਜਦਕਿ ਆੜਤੀਏ ਆਪਣੇ ਖ਼ਰਚੇ ‘ਤੇ ਵਾਧੂ ਮਜ਼ਦੂਰ ਬੁਲਾ ਕੇ ਤਿਰਪਾਲਾਂ ਨਾਲ ਕਣਕ ਨੂੰ ਢੱਕਣ ਅਤੇ ਸੁਕਾਉਣ ਦੀ ਕੋਸ਼ਿਸ਼ ਕਰਦੇ ਰਹੇ। ਮੰਡੀ ਦੇ ਕਈ ਹਿੱਸਿਆਂ ਵਿਚ ਪਾਣੀ ਖੜ੍ਹ ਜਾਣ ਕਾਰਨ ਭਿੱਜੀਆਂ ਬੋਰੀਆਂ ਨੂੰ ਸੰਭਾਲਣਾ ਹੋਰ ਵੀ ਮੁਸ਼ਕਲ ਹੋ ਗਿਆ। ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਬਰਸਾਤ ਨੇ ਮੰਡੀ ਵਿੱਚ ਪਈ ਕਣਕ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਕੁੱਝ ਦਿਨ ਪਹਿਲਾਂ ਵੀ ਹੋਈ ਬਾਰਿਸ਼ ਦੌਰਾਨ ਵੱਡੀ ਮਾਤਰਾ ਵਿੱਚ ਕਣਕ ਭਿੱਜ ਗਈ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਫਟਿੰਗ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਦਾਅਵੇ ਕੀਤੇ ਗਏ ਸਨ। ਪਰ ਹਕੀਕਤ ਵਿਚ ਹਾਲਾਤਾਂ ਵਿਚ ਕੋਈ ਵੱਡਾ ਸੁਧਾਰ ਨਹੀਂ ਆਇਆ ਅਤੇ ਅਜੇ ਵੀ ਮੰਡੀ ਵਿਚ ਲੱਖਾਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ। ਸੋਮਵਾਰ ਨੂੰ ਦੁਪਹਿਰ ਵੇਲੇ ਪਏ ਮੀਂਹ ਨੇ ਪ੍ਰਸ਼ਾਸਨਕ ਦਾਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਦੁਪਹਿਰ ਸਮੇਂ ਮੰਡੀ ਦਾ ਦ੍ਰਿਸ਼ ਬਹੁਤ ਹੀ ਦੁਖਦਾਈ ਸੀ। ਹਰ ਪਾਸੇ ਭਿੱਜੀਆਂ ਹੋਈਆਂ ਕਣਕ ਦੀਆਂ ਬੋਰੀਆਂ, ਪਾਣੀ ਨਾਲ ਭਰੇ ਰਸਤੇ ਅਤੇ ਚਿੰਤਿਤ ਕਿਸਾਨ ਨਜ਼ਰ ਆ ਰਹੇ ਸਨ। ਮਜ਼ਦੂਰਾਂ ਨੇ ਦੱਸਿਆ ਕਿ ਕਣਕ ਦੀਆਂ ਬੋਰੀਆਂ ਕਾਫ਼ੀ ਸਮੇਂ ਤੋਂ ਖੁੱਲ੍ਹੇ ਵਿਚ ਪਈਆਂ ਹੋਈਆਂ ਸਨ ਅਤੇ ਮੀਂਹ ਕਾਰਨ ਹੁਣ ਉਨ੍ਹਾਂ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਖ਼ਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਲਿਫਟਿੰਗ ਹੋ ਜਾਂਦੀ ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ। ਜਾਣਕਾਰੀ ਅਨੁਸਾਰ ਮੰਡੀ ਵਿਚ ਅਜੇ ਵੀ ਇਕ ਲੱਖ ਕੁਇੰਟਲ ਤੋਂ ਵੱਧ ਕਣਕ ਪਈ ਹੋਈ ਹੈ। ਮੀਂਹ ਕਾਰਨ ਕਣਕ ਦੇ ਭਿੱਜਣ ਨਾਲ ਇਸ ਦੀ ਗੁਣਵੱਤਾ ਘਟਣ ਅਤੇ ਰੰਗ ਬਦਲਣ ਦਾ ਡਰ ਬਣ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜੇ ਲਗਾਤਾਰ ਇਸੇ ਤਰ੍ਹਾਂ ਮੌਸਮ ਖਰਾਬ ਰਹਿੰਦਾ ਹੈ ਤਾਂ ਮੰਡੀ ਵਿਚ ਕਣਕ ਦੀ ਸੰਭਾਲ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਉੱਥੇ ਹੀ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਵੀ ਜਲ ਥਲ ਦੀ ਸਥਿਤੀ ਬਣ ਗਈ। ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹ ਗਿਆ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੁਝ ਥਾਵਾਂ ’ਤੇ ਸੀਵਰੇਜ ਪ੍ਰਬੰਧ ਵੀ ਫੇਲ੍ਹ ਹੋ ਗਿਆ ਅਤੇ ਗੰਦਾ ਪਾਣੀ ਸੜਕਾਂ ’ਤੇ ਇਕੱਠਾ ਹੋ ਗਿਆ। ਬਾਜ਼ਾਰਾਂ ਵਿਚ ਲੋਕ ਦੁਕਾਨਾਂ ਦੇ ਛੱਜਿਆਂ ਹੇਠ ਮੀਂਹ ਤੋਂ ਬਚਦੇ ਨਜ਼ਰ ਆਏ। ਕਿਸਾਨਾਂ ਅਤੇ ਆੜ੍ਹਤੀਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀ ਵਿੱਚ ਪਈ ਕਣਕ ਦੀ ਤੁਰੰਤ ਲਿਫਟਿੰਗ ਕਰਵਾਈ ਜਾਵੇ ਅਤੇ ਫ਼ਸਲ ਨੂੰ ਸੁਰੱਖਿਅਤ ਢੰਗ ਨਾਲ ਗੋਦਾਮਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਨਾਜ ਮੰਡੀਆਂ ਵਿੱਚ ਪੱਕੇ ਸ਼ੈੱਡ ਅਤੇ ਮੀਂਹ ਤੋਂ ਬਚਾਅ ਲਈ ਯੋਗ ਪ੍ਰਬੰਧ ਕੀਤੇ ਜਾਣ ਤਾਂ ਜੋ ਹਰ ਸਾਲ ਬਰਸਾਤ ਦੌਰਾਨ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਨਾ ਫਿਰੇ। ਸਥਾਨਕ ਲੋਕਾਂ ਨੇ ਵੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਹਰ ਸਾਲ ਮੀਂਹ ਦੌਰਾਨ ਇਹੋ ਜਿਹੇ ਹਾਲਾਤ ਬਣਦੇ ਹਨ ਪਰ ਇਸ ਸਮੱਸਿਆ ਦੇ ਸਥਾਈ ਹੱਲ ਲਈ ਕੋਈ ਢੰਗ ਦੇ ਪ੍ਰਬੰਧ ਨਹੀਂ ਕੀਤੇ ਜਾਂਦੇ। ਇਸ ਵਾਰ ਵੀ ਮੀਂਹ ਨੇ ਪ੍ਰਬੰਧਕੀ ਕਮਜ਼ੋਰੀਆਂ ਨੂੰ ਬੇਨਕਾਬ ਕਰ ਦਿੱਤਾ ਹੈ। ਇਕ ਪਾਸੇ ਮੌਸਮ ਸੁਹਾਵਣਾ ਹੋਣ ਨਾਲ ਬੱਚਿਆਂ ਅਤੇ ਨੌਜਵਾਨਾਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਗਰਮੀ ਤੋਂ ਮਿਲੀ ਰਾਹਤ ਨੂੰ ਸੁਕੂਨ ਭਰੀ ਦੱਸਿਆ ਪਰ ਦੂਜੇ ਪਾਸੇ ਅਨਾਜ ਮੰਡੀ ਵਿਚ ਪੈਦਾ ਹੋਏ ਹਾਲਾਤਾਂ ਨੇ ਕਿਸਾਨਾਂ ਅਤੇ ਵਪਾਰੀਆਂ ਦੀ ਚਿੰਤਾ ਕਈ ਗੁਣਾਂ ਵਧਾ ਦਿੱਤੀ ਹੈ। ਹੁਣ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ’ਤੇ ਟਿਕੀਆਂ ਹੋਈਆਂ ਹਨ ਕਿ ਉਹ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਕਿਹੜੇ ਕਦਮ ਚੁੱਕਦਾ ਹੈ।