ਰਾਘਵ ਚੱਢਾ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਨਿਖੇਧੀ
ਰਾਘਵ ਚੱਢਾ ਨੇ ਸਾਥੀਆਂ ਸਮੇਤ ਪੰਜਾਬ ਨਾਲ ਕੀਤੀ ਵੱਡੀ ਗੱਦਾਰੀ : ਸੰਦੀਪ ਸਿੰਘ ਕੰਮੇਆਣਾ
Publish Date: Wed, 29 Apr 2026 03:50 PM (IST)
Updated Date: Thu, 30 Apr 2026 04:02 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਰਾਘਵ ਚੱਢਾ ’ਤੇ ਭਰੋਸਾ ਕਰਕੇ ਪੰਜਾਬ ਦੀ ਜਨਤਾ ਨੇ ਰਾਜ ਸਭਾ ਲਈ ਚੁਣਇਆ ਸੀ ਤਾਂ ਜੋ ਪੰਜਾਬ ਦੇ ਮੁੱਦੇ ਚੁੱਕ ਕੇ ਰਾਜ ਸਭਾ ਅੰਦਰ ਪੰਜਾਬ ਦੇ ਪੱਖ ਰੱਖੇ ਜਾ ਸਕਣ ਪਰ ਪਿਛਲੇ ਦਿਨੀ ਉਸਨੇ ਆਪਣੇ ਸਾਥੀਆਂ ਸਮੇਤ ਸਮੁੱਚੇ ਪੰਜਾਬ ਵਾਸੀਆਂ ਦੀਆਂ ਆਸਾਂ/ਉਮੀਦਾਂ ’ਤੇ ਪਾਣੀ ਫੇਰਦਿਆਂ ਹੋਇਆਂ ਭਾਜਪਾ ਵਿੱਚ ਰਲੇਵਾਂ ਕਰਕੇ ਪੰਜਾਬ ਦਾ ਗਦਾਰ ਹੋਣ ਦਾ ਸਬੂਤ ਪੇਸ਼ ਕੀਤਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੰਦੀਪ ਸਿੰਘ ਕੰਮੇਆਣਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕਿ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪੱਧਰ ’ਤੇ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੀ ਹੈ ਤੇ ਹਰ ਸਹੂਲਤ ਪੰਜਾਬ ਵਾਸੀਆਂ ਲਈ ਮੁਹੱਈਆ ਕਰਵਾਉਣ ਲਈ ਹਮੇਸ਼ਾਂ ਤੱਤਪਰ ਰਹਿੰਦੀ ਹੈ। ਉਹਨਾਂ ਆਖਿਆ ਕਿ ‘ਆਪ’ ਵੱਲੋਂ ਪੰਜਾਬ ਅੰਦਰ ਕੀਤੀ ਜਾ ਰਹੀ ਅਵਲ ਦਰਜੇ ਦੀ ਕਾਰਜਸ਼ੈਲੀ ਦੇ ਡਰ ਕਾਰਨ ਭਾਰਤੀ ਜਨਤਾ ਪਾਰਟੀ ਲਗਾਤਾਰ ਆਮ ਆਦਮੀ ਦੇ ਲੀਡਰਾਂ ’ਤੇ ਦਬਾਅ ਪਾ ਕੇ ਆਪਣੇ ਨਾਲ ਰਲੇਵਾਂ ਕਰਵਾ ਰਹੀ ਹੈ। ਸੰਦੀਪ ਕੰਮੇਆਣਾ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਜਿੱਥੇ ਸਮੁੱਚੇ ਪੰਜਾਬ ਵਾਸੀ ਇਹਨਾਂ ਗੱਦਾਰਾਂ ਨੂੰ ਕਦੀ ਵੀ ਮੂੰਹ ਨਹੀਂ ਲਾਉਣਗੇ, ਉੱਥੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਦੀ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਵੀ ਤਿਆਰ ਬਰ ਤਿਆਰ ਬੈਠੇ ਹਨ। ਇਸ ਮੌਕੇ ਸੰਦੀਪ ਸਿੰਘ ਕੰਮੇਆਣਾ ਨਾਲ ਬਲਾਕ ਪ੍ਰਧਾਨ ਗੁਰਦੀਪ ਸ਼ਰਮਾ ਅਤੇ ਮਨਜੀਤ ਸ਼ਰਮਾ ਜਿਲਾ ਜਨਰਲ ਸਕੱਤਰ ਸ਼ੋਸ਼ਲ ਮੀਡੀਆ ਕੋਟਕਪੂਰਾ ਵੀ ਹਾਜਰ ਸਨ।