ਈਰਾਨ ‑ਇਜ਼ਰਾਈਲ ਜੰਗ ਦਾ ਖੌਫ ਪੈਟਰੋਲ ਪੰਪਾਂ ’ਤੇ ਲੱਗੀਆਂ ਕਤਾਰਾਂ
ਈਰਾਨ–ਇਜ਼ਰਾਈਲ ਜੰਗ ਦੀਆਂ ਖ਼ਬਰਾਂ ਨਾਲ ਤੇਲ ਦੀ ਘਾਟ ਦੇ ਡਰੋ ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ।
Publish Date: Fri, 06 Mar 2026 06:38 PM (IST)
Updated Date: Sat, 07 Mar 2026 04:09 AM (IST)
ਕਣਕ ਦੀ ਵਾਢੀ ਕਾਰਨ ਡੀਜ਼ਲ ਸਟੋਰ ਕਰਨ ਲੱਗੇ ਕਿਸਾਨ
ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ : ਈਰਾਨ ਇਜ਼ਰਾਈਲ ਜੰਗ ਕਾਰਨ ਭਾਰਤ ਵਿੱਚ ਤੇਲ ਦੀ ਘਾਟ ਦੀਆਂ ਖਬਰਾਂ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਹੈ। ਤੇਲ ਖ਼ਤਮ ਹੋ ਜਾਣ ਦੇ ਡਰੋਂ ਜਿੱਥੇ ਲੋਕ ਪੈਟ੍ਰੋਲ ਸਟੋਰ ਕਰਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਉੱਥੇ ਤੇਲ ਦੀ ਘਾਟ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਵੀ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ ਹਨ। ਕਿਸਾਨ ਸੁਰਿੰਦਰ ਸਿੰਘ,ਰਾਮ ਸਿੰਘ,ਬਲਵੀਰ ਸਿੰਘ ਦਾ ਕਹਿਣਾ ਹੈ ਕਿ ਕਣਕ ਦੀ ਵਾਢੀ ਹੁਣ ਬਿਲਕੁੱਲ ਨੇੜੇ ਆ ਗਈ ਹੈ ਜੇਕਰ ਪੈਟਰੋਲ ਡੀਜ਼ਲ ਦੀ ਘਾਟ ਪਈ ਤਾਂ ਫ਼ਸਲ ਦੀ ਵਾਢੀ ਕਰਨਾ ਮੁਸ਼ਕਿਲ ਹੋ ਜਾਵੇਗਾ। ਇਨ੍ਹਾਂ ਚਿੰਤਾਵਾਂ ਕਾਰਨ ਕਿਸਾਨ ਡਰਮ ਲੈਕੇ ਪੈਟਰੋਲ ਪੰਪ ਉੱਤੇ ਕਤਾਰਾਂ ਬੰਨ੍ਹ ਕੇ ਖਲੋਤੇ ਨਜ਼ਰ ਆ ਰਹੇ ਹਨ ਅਤੇ ਤੇਲ ਭਰਵਾ ਕੇ ਫ਼ਸਲ ਦੀ ਵਾਢੀ ਲਈ ਸਟੋਰ ਕਰਕੇ ਰੱਖ ਰਹੇ ਹਨ। ਦੂਜੇ ਪਾਸੇ ਕਿਸਾਨਾ ਅਤੇ ਆਮ ਲੋਕਾਂ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦਾ ਵੀ ਡਰ ਹੈ ਜਿਸ ਕਾਰਨ ਆਮ ਲੋਕ ਵੀ ਤੇਲ ਸਟੋਰ ਕਰਕੇ ਰੱਖਣ ਦਾ ਯਤਨ ਨਜ਼ਰ ਆ ਰਹੇ ਹਨ। ਪੈਟਰੋਲ ਪੰਪ ਦੇ ਮਾਲਕ ਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੇ ਜੰਗੀ ਹਾਲਾਤਾਂ ਕਾਰਨ ਤੇਲ ਦੀ ਸਪਲਾਈ ਰੁਕ ਸਕਦੀ ਹੈ ਅਤੇ ਜੇ ਫਸਲ ਦੀ ਕਟਾਈ ਨਾ ਹੋਈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਪਰ ਫਿਲਹਾਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਤੇਲ ਦੀ ਸਪਲਾਈ ਬੰਦ ਹੋਣ ਵਾਲੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਬੇਵਜ੍ਹਾ ਤੇਲ ਸਟੋਰ ਨਾ ਕਰਨ। ਜੇ ਕੋਈ ਅਜਿਹੀ ਸਥਿਤੀ ਬਣਦੀ ਹੈ ਤਾਂ ਸਰਕਾਰ ਖੁਦ ਮੀਡੀਆ ਰਾਹੀਂ ਜਾਣਕਾਰੀ ਦੇਵੇਗੀ। ਕੇਂਦਰ ਸਰਕਾਰ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਅੰਤਰਰਾਸ਼ਟਰੀ ਹਾਲਾਤਾਂ ਦੇ ਬਾਵਜੂਦ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ‘ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਵੇਗਾ।