ਸਿਹਤਮੰਦ ਪੰਜਾਬ ਦੀ ਸਿਰਜਨਾ ਵਿਭਾਗ ਨੇ ਮਿਲਾਵਟਖੋਰੀ ਖ਼ਿਲਾਫ਼ ਚਲਾਈ ਮੁਹਿੰਮ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸਿਹਤਮੰਦ ਪੰਜਾਬ ਦੀ ਸਿਰਜਨਾ ਦੇ ਲਈ ਅਤੇ ਹਰ ਨਾਗਰਿਕ ਨੂੰ ਵਧੀਆ ਖਾਣ ਪੀਣ ਦੀਆਂ ਵਸਤੂਆਂ ਅਤੇ ਦੁੱਧ ਅਤੇ ਦੁੱਧ ਤੋਂ ਬਣੇ ਖਾਣ ਵਾਲੇ ਪਦਾਰਥਾਂ ਦੀ ਸ਼ੁੱਧਤਾ ਸਬੰਧੀ ਸਿਹਤ ਮੰਤਰੀ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਸਟੇਟ ਫੂਡ ਕਮਿਸ਼ਨਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਅਸ਼ੋਕ ਸਿੰਗਲਾ ਦੀ ਅਗਵਾਈ ਅਨੁਸਾਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਦੀਪ ਕੁਮਾਰ ਨੇ ਫੂਡ ਸੇਫ਼ਟੀ ਵਿਭਾਗ ਵੱਲੋਂ ਮਿਲਾਵਟਖੋਰੀ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ। ਸਿਵਲ ਸਰਜਨ ਡਾ. ਅਸ਼ੋਕ ਸਿੰਗਲਾ ਨੇ ਕਿਹਾ ਕਿ ਖਾਣ ਪੀਣ ਵਿਸ਼ੇਸ਼ ਤੌਰ ’ਤੇ ਦੁੱਧ ਅਤੇ ਦੁੱਧ ਤੋਂ ਬਣੀਆਂ ਖਾਣ ਵਾਲੇ ਪਦਾਰਥ ’ਚ ਸਫ਼ਾਈ ਅਤੇ ਸ਼ੁੱਧਤਾਂ ਅਤੀ ਜ਼ਰੂਰੀ ਹੈ। ਇਸ ਮੌਕੇ ਡਾਕਟਰ ਸੰਦੀਪ ਕੁਮਾਰ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਫੂਡ ਸੇਫ਼ਟੀ ਟੀਮ ਵੱਲੋਂ ਸਵੇਰ ਵਾਲੇ ਸਮੇਂ ਦੌਰਾਨ ਵਿਸ਼ੇਸ਼ ਨਾਕਾਬੰਦੀ ਕਰਕੇ ਦੁੱਧ ਅਤੇ ਦੁੱਧ ਤੋਂ ਬਣੇ ਖਾਦ ਪਦਾਰਥਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਇਸ ਟੀਮ ਵਿਚ ਫੂਡ ਸੇਫ਼ਟੀ ਅਫ਼ਸਰ ਯੋਗੇਸ਼ ਗੋਇਲ ਅਤੇ ਫੂਡ ਸੇਫ਼ਟੀ ਅਫ਼ਸਰ ਲਵਦੀਪ ਸਿੰਘ ਸ਼ਾਮਲ ਸਨ। ਟੀਮ ਵੱਲੋਂ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਨਾਕੇ ਲਗਾ ਕੇ ਦੁੱਧ ਦੀ ਸਪਲਾਈ ਕਰਨ ਵਾਲੇ ਵਾਹਨਾਂ, ਡੇਅਰੀ ਵਿਕਰੇਤਾਵਾਂ ਅਤੇ ਹੋਰ ਖਾਦ ਪਦਾਰਥਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਦੁੱਧ ਦੇ ਕੁੱਲ 13 ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਜਾਂਚ ਲਈ ਸਰਕਾਰੀ ਲੈਬੋਰਟਰੀ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੈਬੋਰਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਜੇਕਰ ਕੋਈ ਸੈਂਪਲ ਮਿਆਰਾਂ ਅਨੁਸਾਰ ਨਾ ਪਾਇਆ ਗਿਆ ਤਾਂ ਸਬੰਧਤ ਵਿਕਰੇਤਾਵਾਂ ਖ਼ਿਲਾਫ਼ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਫੂਡ ਸੇਫ਼ਟੀ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮਿਲਾਵਟਖੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਦੁਕਾਨਦਾਰਾਂ, ਡੇਅਰੀ ਮਾਲਕਾਂ ਅਤੇ ਖਾਦ ਪਦਾਰਥਾਂ ਦੇ ਕਾਰੋਬਾਰੀਆਂ ਨੂੰ ਸਾਫ਼-ਸੁਥਰੇ ਅਤੇ ਮਿਆਰੀ ਖ਼ਾਦ ਪਦਾਰਥ ਹੀ ਵੇਚਣ ਲਈ ਹਦਾਇਤ ਕੀਤੀ। ਵਿਭਾਗ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਖ਼ਾਦ ਪਦਾਰਥ ਵਿਚ ਮਿਲਾਵਟ ਸਬੰਧੀ ਕੋਈ ਸ਼ੱਕ ਹੋਵੇ ਤਾਂ ਉਹ ਤੁਰੰਤ ਫੂਡ ਸੇਫ਼ਟੀ ਵਿਭਾਗ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਖ਼ਾਲਸ ਅਤੇ ਸੁਰੱਖਿਅਤ ਖ਼ਾਦ ਪਦਾਰਥ ਮੁਹੱਈਆ ਕਰਵਾਉਣ ਲਈ ਇਸ ਤਰ੍ਹਾਂ ਦੀਆਂ ਚੈਕਿੰਗ ਮੁਹਿੰਮਾਂ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹਿਣਗੀਆਂ।