ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ ਦੀ ਅੱਜ ਆਪਣੇ ਘਰ ਪਿੰਡ ਰੁਪਾਣਾ ਵਿਖੇ ਮੌਤ ਹੋ ਗਈ। ਪਿਛਲੇ ਕਰੀਬ ਇਕ ਮਹੀਨੇ ਤੋਂ ਉਹ ਛਾਤੀ ਦੀ ਇਨਫੈਕਸ਼ਨ ਤੋਂ ਪੀੜਤ ਸਨ। ਉਹ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਹੋਏ ਸਨ ਤੇ ਹੁਣ ਕਰੀਬ ਦੋ ਹਫਤਿਆਂ ਤੋਂ ਘਰ ਵਿਚ ਹੀ ਸਨ।ਸ੍ਰੀ ਰੁਪਾਣਾ ਆਪਣੇ ਪਿੱਛੇ ਆਪਣੀ ਪਤਨੀ ਗੁਰਮੇਲ ਕੌਰ ਤੇ ਦੋ ਪੁੱਤਰ ਨੇਮਪਾਲ ਸਿੰਘ ਤੇ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਪਾਸ ਆਊਟ ਪ੍ਰੀਤਪਾਲ ਸਿੰਘ ਰੁਪਾਣਾ ਛੱਡ ਗਏ ਹਨ।

ਜਤਿੰਦਰ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ ਦੀ ਅੱਜ ਆਪਣੇ ਘਰ ਪਿੰਡ ਰੁਪਾਣਾ ਵਿਖੇ ਮੌਤ ਹੋ ਗਈ। ਪਿਛਲੇ ਕਰੀਬ ਇਕ ਮਹੀਨੇ ਤੋਂ ਉਹ ਛਾਤੀ ਦੀ ਇਨਫੈਕਸ਼ਨ ਤੋਂ ਪੀੜਤ ਸਨ। ਉਹ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਹੋਏ ਸਨ ਤੇ ਹੁਣ ਕਰੀਬ ਦੋ ਹਫਤਿਆਂ ਤੋਂ ਘਰ ਵਿਚ ਹੀ ਸਨ।ਸ੍ਰੀ ਰੁਪਾਣਾ ਆਪਣੇ ਪਿੱਛੇ ਆਪਣੀ ਪਤਨੀ ਗੁਰਮੇਲ ਕੌਰ ਤੇ ਦੋ ਪੁੱਤਰ ਨੇਮਪਾਲ ਸਿੰਘ ਤੇ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਪਾਸ ਆਊਟ ਪ੍ਰੀਤਪਾਲ ਸਿੰਘ ਰੁਪਾਣਾ ਛੱਡ ਗਏ ਹਨ।
ਪੰਜਾਬੀ ਵਿੱਚ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ ਤੋਂ ਬਾਅਦ ਉਹ ਕੁਝ ਸਮਾਂ ਮੁਕਤਸਰ ਦੇ ਕਾਲਜ ਵਿੱਚ ਪੜ੍ਹਾਉਂਦੇ ਰਹੇ ਤੇ ਉਸ ਉਪਰੰਤ ਪੱਕੇ ਤੌਰ 'ਤੇ ਦਿੱਲੀ ਦੇ ਸਕੂਲ ਅਧਿਆਪਕ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੇ ਸਾਹਿਤਕ ਹਲਕਿਆਂ 'ਚ ਨਾਮਣਾ ਖੱਟਿਆ।ਅੰਮ੍ਰਿਤਾ ਪ੍ਰੀਤਮ ਸਣੇ ਹੋਰ ਸਿਰਮੌਰ ਲੇਖਕਾਂ ਦੇ ਚਹਤੇ ਬਣੇ। ਉਨ੍ਹਾਂ ਦੀਆਂ ਪੰਜ ਕਹਾਣੀਅ ਦੀਆਂ ਪੁਸਤਕਾਂ ਇਕ ਟੋਟਾ ਔਰਤ 1970 ਵਿੱਚ ਪ੍ਰਕਾਸਿਤ ਹੋਈ ਤੇ ਉਸ ਤੋਂ ਬਾਅਦ ਡਿਫੈਂਸ ਲਾਇਨ, ਸ਼ੀਸ਼ਾ ਤੇ ਹੋਰ ਕਹਾਣੀਆਂ, ਰਾਂਝਾ ਵਾਰਸ ਹੋਇਆਅ ਤੇ ਚਾਰ ਨਾਵਲ ਜਲਦੇਵ, ਆਸੋ ਦਾ ਟੱਬਰ, ਗੋਰੀ ਅਤੇ ਸ੍ਰੀਪਾਰਵਾ ਪੰਜਾਬੀ ਸਾਹਿਤ ਦੀ ਝੋਲੀ ਪਾਏ। ਸ੍ਰੀ ਰੁਪਾਣਾ ਨੇ ਦਿੱਲੀ ਰਹਿੰਦੀ ਪੰਜਾਬ ਦੇ ਪਿੰਡਾਂ, ਪੰਜਾਬੀ ਸੱਭਿਆਚਾਰ ਤੇ ਸੁਭਾਅ ਨੂੰ ਬਾਖੂਬੀ ਚਿਤਰਿਆ ਤੇ ਸੇਵਾ ਮੁਕਤੀ ਉਪਰੰਤ ਆਪਣੇ ਪਿੰਡ ਰੁਪਾਣਾ ਆ ਕੇ ਦਿੱਲੀ ਨੂੰ ਚਿਤਰਿਆ। ਉਹ ਕਹਿੰਦੇ ਸਨ ਕਿ ਦੂਰੋਂ ਦੇਖਿਆ ਜ਼ਿਆਦਾ ਵਿਸਥਾਰ ਵਿਖਾਈ ਦਿੰਦਾ ਹੈ। ਉਨ੍ਹਾਂ ਦੀਆਂ ਕਈ ਪੁਸਤਕਾਂ ਅਤੇ ਕਹਾਣੀਆਂ ਦੇ ਅੰਗਰੇਜ਼ੀ, ਤੇਲਗੂ ਤੇ ਹਿੰਦੀ ’ਚ ਲਿਪੀਅੰਤਰ ਵੀ ਹੋ ਚੁੱਕਿਆ ਹੈ। ਉਨ੍ਹਾਂ ਨੂੰ ਕੈਨੇਡਾ ਦੇ ਢਾਹਾਂ ਸਨਮਾਨ ਸਣੇ, ਪੰਜਾਬੀ ਅਕਾਦਮੀ ਦਿੱਲੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਤ ਕੀਤਾ ਗਿਆ ਹੈ। ਸ੍ਰੀ ਰੁਪਾਣਾ ਨੂੰ ਪੰਜਾਬੀ ਸਾਹਤਿ ’ਚ ਘੱਟ ਤੇ ਸਾਰਥਕ ਲਿਖੇ ਜਾਣ ਵਾਲੇ ਲੇਖਕ ਤੇ ਵਿਰਕ ਦੀ ਤਰਜ਼ ਦੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਸ੍ਰੀ ਰੁਪਾਣਾ ਦੇ ਦੇਹਾਂਤ ਦੀ ਦੇਰ ਸ਼ਾਮ ਆਈ ਖ਼ਬਰ ਤੋਂ ਬਾਅਦ ਹੀ ਪਰਿਵਾਰ ਨਾਲ ਦੇਸ਼ ਤੇ ਵਿਦੇਸ਼ ਤੋਂ ਸਾਹਿਤ ਪ੍ਰੇਮੀਆਂ ਵੱਲੋਂ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਸ੍ਰੀ ਰੁਪਾਣਾ ਦਾ ਅੰਤਮ ਸੰਸਕਾਰ ਪਿੰਡ ਰੁਪਣਾ ਜ਼ਿਲ੍ਹਾ ਸ੍ਰੀ ਮੁਕਤਸਰ ਵਿਖੇ ਬਾਅਦ ਦੁਪਹਿਰ ਕੀਤਾ ਜਾਵੇਗਾ।