ਜਤਿੰਦਰ ਭੰਵਰਾ\ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ ਪੰਜਾਬੀ ਮਾਂ ਬੋਲੀ ਮਾਖਿਓ ਮਿੱਠੀ ਬੋਲੀ ਹੈ। ਇਸਦੇ ਮਾਣ ਸਤਿਕਾਰ ਤੇ ਪ੍ਰ

ਜਤਿੰਦਰ ਭੰਵਰਾ\ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ
ਪੰਜਾਬੀ ਮਾਂ ਬੋਲੀ ਮਾਖਿਓ ਮਿੱਠੀ ਬੋਲੀ ਹੈ। ਇਸਦੇ ਮਾਣ ਸਤਿਕਾਰ ਤੇ ਪ੍ਰਚਾਰ ਪ੍ਰਸਾਰ ਲਈ ਹਰ ਪੰਜਾਬੀ ਨੂੰ ਇਕਜੁਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਪੰਜਾਬੀ ਮਾਂ ਬੋਲੀ ਪ੍ਰਤੀ ਵੱਖ-ਵੱਖ ਸਖ਼ਸੀਅਤਾਂ ਵੱਲੋਂ ਪੇਸ਼ ਕੀਤੇ ਗਏ ਵਿਚਾਰ ਕੁਝ ਇਸ ਪ੍ਰਕਾਰ ਹਨ :
ਮਾਤ ਭਾਸ਼ਾ ਦੀ ਵੱਧ ਵਰਤੋਂ ਤੇ ਮਾਨ ਸਨਮਾਨ ਕਰਨਾ ਚਾਹੀਦਾ
ਪੰਜਾਬੀ ਮਾਂ ਬੋਲੀ ਸਾਰੀਆਂ ਭਾਸ਼ਾਵਾਂ ਵਿਚੋਂ ਅਦੁੱਤੀ ਬੋਲੀ ਹੈ, ਉਹ ਇੱਕ ਅਣਮੁੱਲੀ ਕੀਮਤੀ ਦਾਤ ਹੈ, ਕਿਉਂਕਿ ਇਹ ਸਾਡੇ ਗੁਰੂਆਂ ਪੀਰਾਂ ਦੇ ਮੁੱਖ 'ਚੋਂ ਉਚਰੀ ਬੋਲੀ ਹੈ। ਇਹ ਬੋਲਣ ਵਿੱਚ ਸੌਖੀ ਤੇ ਮਾਖਿਓ ਮਿੱਠੀ ਬੋਲੀ ਹੈ। ਇਹ ਸਾਡੇ ਸਭਿਆਚਾਰ ਵਿਰਸੇ ਨੂੰ ਜਿੰਦਾ ਰੱਖਣ ਤੇ ਸਮਾਜਿਕ ਰਿਸ਼ਤਿਆਂ ਨੂੰ ਇੱਕ ਮਾਲਾ ਵਿੱਚ ਪਰੋਕੇ ਪੀੜੀ ਦਰ ਪੀੜੀ ਚੰਗੀਆਂ ਕਦਰਾਂ ਕੀਮਤਾਂ ਪ੍ਰਦਾਨ ਕਰਦੀ ਹੈ। ਸਾਰੇ ਪੰਜਾਬੀ ਸਹਿਤਕਾਰਾਂ ਨੂੰ ਇਸ ਬੋਲੀ ਦਾ ਵੱਧ ਤੋਂ ਵੱਧ ਮਾਨ ਸਨਮਾਨ ਕਰਨ ਦੇ ਨਾਲ ਨਾਲ ਦੂਜੀਆਂ ਭਾਸ਼ਾਵਾ ਤੋਂ ਬੋਲਣ ਅਤੇ ਲਿਖਣ ਵਿੱਚ ਮੋਹਰੀ ਰੱਖਣੀ ਚਾਹੀਦੀ ਹੈ। ਸਾਨੂੰ ਆਪਣੀ ਮਾਂ ਬੋਲੀ ਅਰਥਾਤ ਪੰਜਾਬੀ ਭਾਸ਼ਾ ਨੂੰ ਆਪਣੀ ਹੋਂਦ ਨਾਲੋਂ ਵੱਖ ਨਹੀਂ ਕਰਨਾ ਚਾਹੀਦਾ। ਆਓ ਅਸੀਂ ਆਪਣਾ ਮਾਤ ਭਾਸ਼ਾ ਪ੍ਰਤਿ ਸੱਚਾ ਫਰਜ਼ ਸਮਝਦੇ ਹੋਏ ਪੰਜਾਬੀ ਨੂੰ ਸਮਰਪਿਤ ਹੋਈਏ ਤੇ ਪੰਜਾਬੀ ਭਾਸ਼ਾ ਨੂੰ ਬੋਲਣ ਤੇ ਲਿਖਣ ਕੀਤੇ ਜਾਣ ਵਾਲੇ ਸੰਕੋਚ ਤੋਂ ਗੁਰਹੇਜ਼ ਕਰੀਏ।
ਜਸਵਿੰਦਰ ਸਿੰਘ ਲੱਖੇਵਾਲੀ
ਲੇਖਕ/ਈਟੀਟੀ ਅਧਿਆਪਕ
ਸ੍ਰੀ ਮੁਕਤਸਰ ਸਾਹਿਬ।
ਸਾਨੂੰ ਪੰਜਾਬੀ ਮਾਂ ਬੋਲੀ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ
ਜਿਹੜੇ ਵੀ ਲੋਕ, ਕੌਮ ਆਪਣੀ ਮਾਂ ਬੋਲੀ ਨੂੰ ਮਨੋ ਵਿਸਾਰ ਦਿੰਦੇ ਹਨ ਉਨਾਂ੍ਹ ਦਾ ਪਤਨ ਪੱਕਾ ਹੁੰਦਾ। ਮੈਨੂੰ ਲੱਗਦਾ ਕਿ ਜਿਹੜੇ ਹਿਸਾਬ ਨਾਲ ਰੌਲਾ ਰੱਪਾ ਪਾਇਆ ਜਾ ਰਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਖ਼ਤਰਾ ਹੈ, ਜਾਂ ਖ਼ਤਮ ਹੋ ਜਾਣੀ ਹੈ। ਮੇਰੇ ਵਿਚਾਰ ਮੁਤਾਬਕ ਇਹ ਨਿਰਸੁਆਰਥ ਗੱਲਾਂ ਨੇ। ਕਿਉਂਕਿ ਜਿੱਥੇ ਜਿੱਥੇ ਵੀ ਪੰਜਾਬੀ ਜਾ ਰਹੇ ਹਨ, ਹੋਰ ਸਟੇਟਾਂ 'ਚ ਜਾਂ ਕਹਿ ਲਓ ਕਿ ਵਿਦੇਸ਼ਾਂ 'ਚ ਤਾਂ ਉਨਾਂ੍ਹ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਵੀ ਜਾ ਰਹੀ ਹੈ ਭਾਵ ਪੰਜਾਬੀ ਮਾਂ ਬੋਲੀ ਦਾ ਪਸਾਰਾ ਵੀ ਹੋ ਰਿਹਾ। ਬੱਚਿਆਂ ਦਾ ਵਿਦੇਸ਼ਾਂ ਵੱਲ ਜਾਣਾ ਇਸਦਾ ਇਹ ਮਤਲਬ ਨਹੀਂ ਕਿ ਉਹ ਆਪਣੀ ਭਾਸ਼ਾ ਨੂੰ ਭੁੱਲ ਜਾਂਦੇ ਹਨ ਜਾਂ ਭੁੱਲ ਜਾਣਗੇ। ਰੋਜ਼ੀ ਰੋਟੀ ਦੀ ਭਾਲ ਵਿੱਚ ਨਿਕਲਿਆ ਕੋਈ ਵੀ ਆਦਮੀ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਦਾ, ਹਾਂ ਕੰਮਾਂ ਕਾਰਾਂ ਨੂੰ ਸਥਾਪਿਤ ਕਰਨ ਲਈ ਜਿੱਥੇ ਉਹ ਰਹਿ ਰਿਹਾ ਉਥੋਂ ਦੀ ਭਾਸ਼ਾ ਦਾ ਗਿਆਨ ਹੋਣਾ ਵੀ ਜ਼ਰੂਰੀ ਹੋ ਜਾਂਦਾ। ਸੋ ਅੱਜ ਪੰਜਾਬੀ ਮਾਂ ਬੋਲੀ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਜੋ ਕਿ ਆਪਣੇ ਲਈ, ਆਪਣੀ ਮਾਂ ਬੋਲੀ ਲਈ ਚੰਗਾ ਸੰਕੇਤ ਹੈ। ਉਦਾਹਰਣ ਦੇ ਤੌਰ ਤੇ ਯੂਕੇ ਵਿਚ ਪੰਜਾਬੀ ਅੱਜ ਚੌਥੇ ਸਥਾਨ ਤੇ ਹੈ ਅਤੇ ਆਸਟਰੇਲੀਆ ਵਿੱਚ ਪੰਜਵੇਂ 'ਤੇ। ਆਪਣੀ ਭਾਸ਼ਾ ਤੇ ਹਰੇਕ ਨੂੰ ਮਾਣ ਹੁੰਦਾ, ਹੋਣਾ ਵੀ ਚਾਹੀਦਾ। ਸੋ ਆਪਾਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ। ਇਹ ਹੋਰ ਵੀ ਵਧੇ ਫੁੱਲੇ ਇਸ ਦੀ ਆਪਾਂ ਕਾਮਨਾ ਕਰਦੇ ਹਾਂ।
ਗੀਤਕਾਰ ਸੇਵਕ ਬਰਾੜ।
ਪੰਜਾਬੀ ਬੋਲੋ, ਲਿਖੋ ਤੇ ਪੜ੍ਹੋ ਪੰਜਾਬੀਓ, ਸਦਾ ਇਸੇ ਦੇ ਹੀ ਹੱਕ 'ਚ ਖੜ੍ਹੋ ਪੰਜਾਬੀਓ
ਆਪਣੀ ਮਾਂ ਬੋਲੀ ਮਾਖਿਓਂ ਮਿੱਠੀ ਹੈ, ਬੇਸ਼ੱਕ ਆਪੋ ਆਪਣੇ ਦੇਸ਼ਾਂ ਦੀ, ਸੂਬਿਆਂ ਦੀ ਅਲੱਗ ਅਲੱਗ ਬੋਲੀ ਹੁੰਦੀ ਹੈ ਤੇ ਸਾਰੇ ਆਪਣੀ ਮਾਂ ਬੋਲੀ ਨੂੰ ਦਿਲੋਂ ਸਤਿਕਾਰ ਕਰਦੇ ਹਨ ਪਰ ਪਿਛਲੇ ਕੁੱਝ ਕੁ ਸਮੇਂ ਤੋਂ ਅੰਗਰੇਜ਼ੀ ਬੋਲੀ ਦਾ ਜ਼ਿਆਦਾ ਬੋਲਬਾਲਾ ਹੋ ਰਿਹਾ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਵਿਦੇਸ਼ਾਂ ਵਿੱਚ ਇਸ ਬੋਲੀ ਬਿਨਾਂ ਨਹੀਂ ਸਰਦਾ ਪਰ ਅਜੋਕੇ ਸਮੇਂ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਮਾਂ ਬੋਲੀ ਬੋਲਣ ਵਾਲਾ ਜੋ ਵਿਤਕਰਾ ਹੋ ਰਿਹਾ ਹੈ ਅਤਿ ਨਿੰਦਣਯੋਗ ਹੈ। ਜੇਕਰ ਆਪਣੀ ਮਾਂ ਬੋਲੀ ਭੁੱਲਾਂਗੇ ਤਾਂ ਕੱਖਾਂ ਵਾਂਗ ਰੁਲਾਂਗੇ। ਅਜੋਕੀ ਸਮੇਂ ਦੀ ਸਰਕਾਰ ਨੇ ਸ਼ਲਾਘਾਯੋਗ ਉਪਰਾਲਾ ਕਰਕੇ ਹਰ ਅਦਾਰੇ ਦਾ ਨਾਮ ਪੰਜਾਬੀ ਭਾਸ਼ਾ ਨੂੰ ਉੱਪਰ ਲਿਖਣ ਲਈ ਜੋ ਕਦਮ ਪੁੱਟਿਆ ਹੈ, ਸਾਰਥਿਕ ਹੈ। ਉਮੀਦ ਕਰਦੇ ਹਾਂ ਕਿ ਸਮੇਂ ਦੀ ਸਰਕਾਰ ਦਫ਼ਤਰਾਂ ਵਿੱਚ ਵੀ ਕਾਰਜ ਪੂਰਾ ਕਰੂਗੀ। ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ ਦੀ ਵਰੋਸਾਈ ਹੋਈ ਹੈ ਸਾਡੀ ਮਾਂ ਬੋਲੀ ਪੰਜਾਬੀ, ਸਾਨੂੰ ਹਮੇਸ਼ਾ ਇਸ ਨੂੰ ਅਪਣਾਉਣਾ ਚਾਹੀਦਾ ਹੈ ਘਰਾਂ ਵਿੱਚ ਬੋਲਣਾ ਚਾਹੀਦਾ ਹੈ, ਅਤੇ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਸਾਡੇ ਵੱਡ ਵਡੇਰਿਆਂ ਤੇ ਪੁਰਖਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੰਭਲਾ ਮਾਰੀਏ। ਹਰ ਇੱਕ ਪੰਜਾਬੀ ਦਾ ਇਹ ਫਰਜ਼ ਬਣਦਾ ਹੈ। ਲੋਕਾਂ ਤੋਂ ਬਿਨਾਂ ਇਕੱਲੀ ਸਰਕਾਰ ਕੁੱਝ ਨਹੀਂ ਕਰ ਸਕਦੀ। ਇਹ ਆਪਣਾ ਸਭਨਾਂ ਦਾ ਫਰਜ਼ ਹੈ ਕਿ ਆਪਣੀ ਮਾਂ ਬੋਲੀ ਪੰਜਾਬੀ ਨਾਲ ਹਮੇਸ਼ਾ ਜੁੜਕੇ ਰਹੀਏ ਤੇ ਹੋਰਨਾਂ ਨੂੰ ਵੀ ਜੋੜੀਏ।
ਲੇਖਕ ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।