ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਨੇ ਠੇਕੇਦਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਨੇ ਠੇਕੇਦਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Publish Date: Wed, 08 Apr 2026 07:05 PM (IST)
Updated Date: Wed, 08 Apr 2026 07:08 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਗਿੱਦੜਬਾਹਾ ਨੇ ਅੱਜ ਗੁਰਵਿੰਦਰ ਸਿੰਘ ਭੂਚੋ ਦੀ ਅਗਵਾਈ ਹੇਠ ਠੇਕੇਦਾਰ ਵੱਲੋਂ ਮਜ਼ਦੂਰੀ ਦਾ ਭੁਗਤਾਨ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸਥਾਨਕ ਹੁਸਨਰ ਚੌਕ ਵਿਖੇ ਜੰਮ ਕੇ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਗਿੱਦੜਬਾਹਾ ਡਿਪੂ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ 3-4 ਮਹੀਨਿਆਂ ਤੋਂ ਚੌਲਾਂ ਦੀ ਸਟੈਕਿੰਗ ਅਤੇ ਸਪੈਸ਼ਲ ਲੋਡਿੰਗ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਲੇਬਰ ਠੇਕੇਦਾਰ ਜਸਵਿੰਦਰਪਾਲ ਸਿੰਘ ਉਰਫ ਬੰਟੀ ਵੱਲੋਂ ਉਨ੍ਹਾਂ ਨੂੰ ਕੰਮ ਦੀ ਬਣਦੀ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਮਜ਼ਦੂਰਾਂ ਲਈ ਆਪਣਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਮਜ਼ਦੂਰੀ ਮੰਗਣ ਦੇ ਬਾਵਜੂਦ ਉਨ੍ਹਾਂ ਨੂੰ ਸਿਰਫ਼ ਝੂਠੇ ਭਰੋਸੇ ਦਿੱਤੇ ਜਾ ਰਹੇ ਹਨ। ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਭੁਗਤਾਨ ਨਾ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹਰਦੀਪ ਸਿੰਘ, ਅੰਗਰੇਜ਼ ਸਿੰਘ, ਗੁਰਤੇਜ ਸਿੰਘ, ਕਾਲਾ ਰਾਮ, ਜਸਪ੍ਰੀਤ ਸਿੰਘ, ਜਗਦੀਸ਼ ਸਿੰਘ, ਲਖਵੀਰ ਸਿੰਘ, ਕੁੱਕੂ ਸਿੰਘ, ਬਲਕਰਨ ਸਿੰਘ, ਸਤਵੀਰ ਸਿੰਘ, ਗੁਰਪ੍ਰੀਤ ਸਿੰਘ, ਸੁਖਮੰਦਰ ਸਿੰਘ, ਕੁਲਦੀਪ ਸਿੰਘ, ਜਗਬੀਰ ਸਿੰਘ, ਹੈਪੀ ਸਿੰਘ, ਤੇਜਾ ਸਿੰਘ, ਲਵਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਪੰਮਾ ਸਿੰਘ ਆਦਿ ਹਾਜ਼ਰ ਸਨ। ਉਧਰ ਸਬੰਧਤ ਠੇਕੇਦਾਰ ਜਸਵਿੰਦਰਪਾਲ ਸਿੰਘ ਉਰਫ ਬੰਟੀ ਨੇ ਕਿਹਾ ਕਿ ਮਜ਼ਦੂਰ ਯੂਨੀਅਨ ਦੇ ਦੋ ਗੁੱਟ ਬਣੇ ਹੋਏ ਹਨ। ਉਨ੍ਹਾਂ ਦਾ ਐਗਰੀਮੈਂਟ ਜਿਸ ਗੁੱਟ ਨਾਲ ਹੋਇਆ ਹੈ, ਉਨ੍ਹਾਂ ਨੂੰ ਉਹ ਸਮੇਂ-ਸਮੇਂ ਸਿਰ ਮਜ਼ਦੂਰੀ ਦਾ ਭੁਗਤਾਨ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਦੋਵਾਂ ਗੁੱਟਾਂ ਦਾ ਆਪਸੀ ਮਾਮਲਾ ਹੈ ਅਤੇ ਉਨ੍ਹਾਂ ਦੇ ਪੱਖ ਤੋਂ ਪੱਲੇਦਾਰ ਯੂਨੀਅਨ ਦੀ ਕੋਈ ਵੀ ਅਦਾਇਗੀ ਬਾਕੀ ਨਹੀਂ ਹੈ।