ਮੋਗਾ ਵਿਚ ਉਦਯੋਗਾਂ ਨੂੰ ਮਜ਼ਬੂਤੀ ਦੇਣ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਮੋਗਾ ਵਿਚ ਉਦਯੋਗਾਂ ਨੂੰ ਮਜ਼ਬੂਤੀ ਦੇਣ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਦੇ ਉਦੇਸ਼ ਨਾਲ ਪੰਜਾਬ ਨੈਸ਼ਨਲ ਬੈਂਕ ਵੱਲੋਂ ਇਕ ਵਿਸ਼ਾਲ ਮੇਗਾ ਐੱਮਐੱਸਐੱਮਈ ਆਉਟਰੀਚ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਨੇ ਸਥਾਨਕ ਉਦਯੋਗਪਤੀਆਂ ਲਈ ਵੱਡੀ ਰਾਹਤ ਲਿਆਉਂਦਿਆਂ 63 ਲਾਭਪਾਤਰੀਆਂ ਨੂੰ ਲਗਭਗ 41 ਕਰੋੜ ਰੁਪਏ ਦੇ ਕਰਜ਼ੇ ਮੌਕੇ ’ਤੇ ਹੀ ਮਨਜ਼ੂਰ ਕਰਕੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਇਸ ਮੌਕੇ ਲੁਧਿਆਣਾ ਜ਼ੋਨ ਦੇ ਡਿਪਟੀ ਜ਼ੋਨਲ ਮੈਨੇਜਰ ਸੰਜੀਵ ਕਪੂਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਬੈਂਕ ਦੀਆਂ ਗ੍ਰਾਹਕ-ਕੇਂਦਰਿਤ ਨੀਤੀਆਂ ਅਤੇ ਪਾਰਦਰਸ਼ੀ ਕਾਰਜਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਐੱਮਐੱਸਐੱਮਈ ਸੈਕਟਰ ਵਿਚ ਬੈਂਕ ਦੀ ਸਰਗਰਮ ਭੂਮਿਕਾ ਨਾਲ ਛੋਟੇ ਅਤੇ ਦਰਮਿਆਨੇ ਉਦਯੋਗਾਂ ਵਿਚ ਨਵੇਂ ਉਤਸ਼ਾਹ ਦਾ ਮਾਹੌਲ ਬਣਿਆ ਹੈ। ਸਮੇਂ ਸਿਰ ਵਿੱਤੀ ਮਦਦ ਨਾਲ ਉਦਯੋਗਪਤੀ ਆਪਣੇ ਕਾਰੋਬਾਰ ਨੂੰ ਵਧਾ ਰਹੇ ਹਨ ਅਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਦੇਸ਼-ਪੱਧਰੀ ਮੁਹਿੰਮ ਦੇ ਤਹਿਤ ਲੁਧਿਆਣਾ ਜ਼ੋਨ ਵਿਚ ਲਗਾਤਾਰ ਅਜਿਹੇ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਬੈਂਕ ਸਿੱਧੇ ਤੌਰ ’ਤੇ ਗ੍ਰਾਹਕਾਂ ਨਾਲ ਜੁੜ ਕੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਦਾ ਹੈ ਅਤੇ ਉਨ੍ਹਾਂ ਨੂੰ ਉਚਿਤ ਵਿੱਤੀ ਹੱਲ ਪ੍ਰਦਾਨ ਕਰਦਾ ਹੈ। ਹੁਣ ਤੱਕ ਜ਼ੋਨ ਵਿਚ ਲਗਭਗ 482 ਕਰੋੜ ਰੁਪਏ ਦੇ ਸੰਭਾਵਿਤ ਕਰਜ਼ੇ (ਲੀਡ) ਤਿਆਰ ਕੀਤੇ ਜਾ ਚੁੱਕੇ ਹਨ। ਜ਼ਿਲ੍ਹਾ ਉਦਯੋਗ ਕੇਂਦਰ ਦੇ ਪ੍ਰਬੰਧਕ ਸੁਖਮਿੰਦਰ ਸਿੰਘ ਰੇਖੀ ਨੇ ਇਸ ਮੌਕੇ ਪੰਜਾਬ ਸਰਕਾਰ ਦੀਆਂ ਐੱਮਐੱਸਐੱਮਈ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬੈਂਕ, ਸਰਕਾਰ ਅਤੇ ਉਦਯੋਗ ਕੇਂਦਰ ਦੀ ਸਾਂਝੀ ਕੋਸ਼ਿਸ਼ ਨਾਲ ਉਦਯੋਗਾਂ ਦੀ ਤਰੱਕੀ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਮੋਗਾ ਦੇ ਦੁੱਧ ਉਦਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਲਾਕੇ ਵਿਚ ਵੱਡੀਆਂ ਕੰਪਨੀਆਂ ਦੀ ਮੌਜੂਦਗੀ ਦਾ ਲਾਭ ਲੈ ਕੇ ਪਸ਼ੂਪਾਲਕਾਂ ਨੂੰ ਆਤਮਨਿਰਭਰ ਬਣਾਇਆ ਜਾ ਸਕਦਾ ਹੈ, ਜਿਸ ਨਾਲ ਪਿੰਡਾਂ ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਮਿਲੇਗੀ। ਇਸ ਮੌਕੇ ਸੰਜੀਵ ਕਪੂਰ ਨੇ ਇਹ ਵੀ ਦੱਸਿਆ ਕਿ ਐੱਮਐੱਸਐੱਮਈ ਖੇਤਰ ਵਿਚ ਸੁਧਾਰਾਂ ਦਾ ਸਕਾਰਾਤਮਿਕ ਪ੍ਰਭਾਵ ਬੈਂਕਿੰਗ ਪ੍ਰਦਰਸ਼ਨ ’ਤੇ ਵੀ ਪਿਆ ਹੈ। ਉਦਯੋਗਾਂ ਦੀ ਤਰੱਕੀ ਨਾਲ ਕਰਜ਼ਿਆਂ ਦੀ ਵਸੂਲੀ ਵਿਚ ਸੁਧਾਰ ਆਇਆ ਹੈ ਅਤੇ ਐੱਨਪੀਏ ਦਰ ਵਿਚ ਲਗਾਤਾਰ ਕਮੀ ਆ ਰਹੀ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਅਜਿਹੇ ਆਉਟਰੀਚ ਪ੍ਰੋਗਰਾਮਾਂ ਨਾਲ ਭਵਿੱਖ ਵਿਚ ਹੋਰ ਵੱਧ ਉਦਯੋਗਪਤੀਆਂ ਨੂੰ ਵਿੱਤੀ ਸਹਾਇਤਾ ਮਿਲੇਗੀ, ਜਿਸ ਨਾਲ ਖੇਤਰੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਹੋਰ ਬਲ ਮਿਲੇਗਾ। ਇਸ ਮੌਕੇ ਸਰਕਲ ਹੈੱਡ ਕਪਿਲ ਕੁਮਾਰ ਗਾਂਧੀ, ਮਿਡ ਕਾਰਪੋਰੇਟ ਸੈਂਟਰ ਹੈਡ ਅਨੂਪ ਰਾਠੋਰ ਸਮੇਤ ਬੈਂਕ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।