ਮਜ਼ਦੂਰਾਂ ਤੋਂ ਦਿਨ ’ਚ 8 ਘੰਟੇ ਹੀ ਕੰਮ ਲੈਣ ਦੀ ਕੀਤੀ ਮੰਗ
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਤੇ ਕਿਰਤੀ ਕਾਮਿਆਂ ਵੱਲੋਂ ਮਈ ਦਿਵਸ ਮਨਾਇਆ
Publish Date: Fri, 01 May 2026 03:37 PM (IST)
Updated Date: Fri, 01 May 2026 03:38 PM (IST)

ਦਵਿੰਦਰ ਬਾਘਲਾ, ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਦੋਦਾ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਾਮਿਆਂ ਤੇ ਹੋਰ ਮਜ਼ਦੂਰਾਂ ਵੱਲੋਂ ਦੋਦਾ ਵਿਖੇ ਇਕੱਠੇ ਹੋ ਕੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਈ ਦਿਵਸ) ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਜ਼ਦੂਰਾਂ ਨੇ ਇੱਕਜੁੱਟ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਅਹਿਦ ਲਿਆ। ਇਕੱਠ ਦੌਰਾਨ ਬੁਲਾਰਿਆਂ ਨੇ ਮਜ਼ਦੂਰਾਂ ਦੇ ਇਤਿਹਾਸਕ ਸੰਘਰਸ਼ ਨੂੰ ਯਾਦ ਕਰਦਿਆਂ ਮੌਜੂਦਾ ਹਾਲਾਤਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ। ਆਗੂਆਂ ਨੇ ਦੋਸ਼ ਲਾਇਆ ਕਿ ‘ਸਾਮਰਾਜੀ ਤਾਕਤਾਂ’ ਮਜ਼ਦੂਰਾਂ ਦਾ ਘੋਰ ਸ਼ੋਸ਼ਣ ਕਰ ਰਹੀਆਂ ਹਨ ਅਤੇ ਉਨ੍ਹਾਂ ਤੋਂ ਦਿਨ ਭਰ ’ਚ 14 ਘੰਟੇ ਤੱਕ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਹਾਕਮ ਮਜ਼ਦੂਰਾਂ ’ਚ ਫੁੱਟ ਪਾ ਕੇ ਉਨ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸਦਾ ਮਜ਼ਦੂਰਾਂ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਮਜ਼ਦੂਰ ਆਗੂਆਂ ਨੇ ਸਪੱਸ਼ਟ ਕੀਤਾ ਕਿ ਮਈ ਦਿਵਸ ਦਾ ਅਸਲ ਮਕਸਦ ਮਜ਼ਦੂਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣਾ ਹੈ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਤੋਂ ਦਿਨ ’ਚ 8 ਘੰਟੇ ਹੀ ਕੰਮ ਲਿਆ ਜਾਵੇ। ਸਾਮਰਾਜੀ ਤਾਕਤਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਰੱਦ ਕੀਤਾ ਜਾਵੇ। ਮਜ਼ਦੂਰ ਵਰਗ ਦੀ ਏਕਤਾ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਬਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ, ਹਰਜਿੰਦਰ ਸਿੰਘ ਜ਼ਿਲ੍ਹਾ ਸਕੱਤਰ ਦੋਦਾ, ਗੁਰਸੇਵਕ ਸਿੰਘ ਮੀਤ ਪ੍ਰਧਾਨ ਦੋਦਾ, ਅੰਗਰੇਜ਼ ਸਿੰਘ ਦੋਦਾ ਅਤੇ ਗੁਰਦੀਪ ਸਿੰਘ ਮਿਸਤਰੀ ਸਮੇਤ ਹੋਰ ਆਗੂ ਹਾਜ਼ਰ ਸਨ, ਜਿਨ੍ਹਾਂ ਨੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਲਗਾਤਾਰ ਲਾਮਬੰਦ ਰਹਿਣ ਦਾ ਸੱਦਾ ਦਿੱਤਾ।