ਅਹਿਮਦਾਬਾਦ ਫਿਲਮ ਸਿਟੀ ’ਚ ਗੂੰਜੇਗਾ ਪੰਜਾਬ ਦਾ ਨਾਮ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਨੌਜਵਾਨ ਸਮਾਜ ਸੇਵੀ ਅਤੇ ਯੂਥ ਮੋਟੀਵੇਟਰ ਰਿਦਮਜੀਤ ਇੱਕ ਵਾਰ ਫਿਰ ਆਪਣੀਆਂ ਸਮਾਜਿਕ ਸੇਵਾਵਾਂ ਕਰਕੇ ਰਾਸ਼ਟਰੀ ਪੱਧਰ ’ਤੇ ਚਰਚਾ ਦਾ ਕੇਂਦਰ ਬਣ ਗਏ ਹਨ। ਗੁਜਰਾਤ ਦੇ ਓਮ ਅਹਿਮਦਾਬਾਦ ਫਿਲਮ ਸਿਟੀ ਵਿਖੇ 23 ਮਈ ਨੂੰ ਹੋਣ ਜਾ ਰਹੇ ਸ਼ਾਨਦਾਰ ‘ਸਰਦਾਰ ਵੱਲਭਭਾਈ ਪਟੇਲ ਮੈਮੋਰੀਅਲ ਅਵਾਰਡ’ ਸਮਾਰੋਹ ਦੌਰਾਨ ਰਿਦਮਜੀਤ ਨੂੰ ‘ਸਰਦਾਰ ਵੱਲਭਭਾਈ ਪਟੇਲ ਮੈਮੋਰੀਅਲ ਨੈਸ਼ਨਲ ਅਵਾਰਡ-2026’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਉਨ੍ਹਾਂ ਨੂੰ ਸਮਾਜ ਸੇਵਾ, ਮਨੁੱਖੀ ਭਲਾਈ ਅਤੇ ਨੌਜਵਾਨਾਂ ਨੂੰ ਸਕਾਰਾਤਮਕ ਦਿਸ਼ਾ ਦੇਣ ਲਈ ਦਿੱਤਾ ਜਾ ਰਿਹਾ ਹੈ। ਪੀਪਲ ਮੈਨ ਫਾਊਂਡੇਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਰਾਸ਼ਟਰੀ ਪੱਧਰੀ ਸਮਾਗਮ ਵਿਚ ਦੇਸ਼ ਭਰ ਦੀਆਂ ਉਹਨਾਂ ਪ੍ਰਸਿੱਧ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਸਮਾਜ ਸੇਵਾ, ਸਿੱਖਿਆ, ਵਾਤਾਵਰਣ ਸੰਭਾਲ, ਮਨੁੱਖੀ ਅਧਿਕਾਰਾਂ ਅਤੇ ਰਾਸ਼ਟਰ ਨਿਰਮਾਣ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਰਿਦਮਜੀਤ, ਜੋ ਕਿ ‘ਰਿਦਮ ਇੰਸਟੀਟਿਊਟ ਆਫ਼ ਪਰਫੋਰਮਿੰਗ ਆਰਟਸ’ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਿੰਗ ਡਾਇਰੈਕਟਰ ਹਨ, ਨਾਲ ਹੀ ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਅਤੇ ਪੰਜਾਬ ਦੀ ਪ੍ਰਸਿੱਧ ਸੰਸਥਾ ‘ਇੰਡਕ ਆਰਟਸ ਵੈਲਫ਼ੇਅਰ ਕੌਂਸਲ’ ਦੇ ਜਨਰਲ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਸਮਾਜਿਕ ਜਾਗਰੂਕਤਾ ਮੁਹਿੰਮਾਂ, ਮਹਿਲਾ ਸਸ਼ਕਤੀਕਰਨ, ਵਾਤਾਵਰਣ ਬਚਾਓ ਅਭਿਆਨਾਂ ਅਤੇ ਅੰਗਹੀਣ ਤੇ ਨੇਤਰਹੀਣ ਵਿਅਕਤੀਆਂ ਦੀ ਸਹਾਇਤਾ ਲਈ ਲਗਾਤਾਰ ਕੰਮ ਕਰ ਰਹੇ ਹਨ। ਰਿਦਮਜੀਤ ਨੇ ਆਪਣੀ ਛੋਟੀ ਉਮਰ ਵਿਚ ਹੀ ਸਮਾਜ ਸੇਵਾ ਦੇ ਖੇਤਰ ਵਿਚ ਜੋ ਮਕਾਮ ਹਾਸਲ ਕੀਤਾ ਹੈ, ਉਹ ਅੱਜ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕਾ ਹੈ। ਉਨ੍ਹਾਂ ਦੀਆਂ ਸਮਾਜ ਭਲਾਈ ਸੰਬੰਧੀ ਗਤੀਵਿਧੀਆਂ ਨੇ ਨਾ ਸਿਰਫ਼ ਪੰਜਾਬ, ਸਗੋਂ ਦੇਸ਼ ਦੇ ਹੋਰ ਰਾਜਾਂ ਵਿਚ ਵੀ ਵੱਖਰੀ ਪਹਿਚਾਣ ਬਣਾਈ ਹੈ। ਸਮਾਰੋਹ ਦੇ ਮੁੱਖ ਆਯੋਜਕ ਅਤੇ ‘ਪੀਪਲਮੈਨ’ ਦੇ ਨਾਮ ਨਾਲ ਮਸ਼ਹੂਰ ਡਾ. ਰਘੁਰਾਜ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਨਮਾਨ ਉਹਨਾਂ ਵਿਅਕਤੀਆਂ ਨੂੰ ਸਮਰਪਿਤ ਹੈ ਜੋ ਆਪਣੇ ਕਾਰਜਾਂ ਰਾਹੀਂ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਰਿਦਮਜੀਤ ਵਰਗੇ ਨੌਜਵਾਨ ਦੇਸ਼ ਦੀ ਨਵੀਂ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਹਨ। ਇਸ ਵਿਸ਼ਾਲ ਸਮਾਗਮ ਵਿਚ ਪਦਮਸ਼੍ਰੀ ਰਾਜਾ ਲਕਸ਼ਮਣ ਸਿੰਘ, ਪਦਮਸ਼੍ਰੀ ਜਿਤੇਂਦਰ ਸਿੰਘ ਸ਼ਾਂਟੀ, ਐਮਿਟੀ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ. ਪੀ.ਬੀ. ਸ਼ਰਮਾ, ਰਾਸ਼ਟਰ ਰਤਨ ਸਨਮਾਨ ਨਾਲ ਨਿਵਾਜੇ ਗਏ ਸੀਨੀਅਰ ਪੱਤਰਕਾਰ ਅਤੇ ਪਰਿਆਵਰਣ ਵਿਦ ਸ਼੍ਰੀ ਗਿਆਨੇਂਦਰ ਰਾਵਤ, ਵਰਲਡ ਪੀਸ ਇੰਸਟੀਚਿਊਟ ਯੂਨਾਈਟਡ ਨੇਸ਼ਨਜ਼ ਦੇ ਐਂਬੈਸਡਰ ਸ਼੍ਰੀ ਪਰਵਿੰਦਰ ਸਿੰਘ, ਕੈਰੀਅਰ ਪੋਇੰਟ ਯੂਨੀਵਰਸਿਟੀ ਹਿਮਾਚਲ ਦੇ ਵਾਈਸ ਚਾਂਸਲਰ ਡਾ. ਸੰਜੀਵ ਸ਼ਰਮਾ, ਸਮਾਜ ਸੇਵੀ ਸਤਬੀਰ ਸਿੰਘ, ਕੈਡਿਲਾ ਫਾਰਮਾ ਦੇ ਪੂਰਵ ਵਾਈਸ ਪ੍ਰੇਸੀਡੈਂਟ ਪ੍ਰੋ. ਪੀ.ਕੇ. ਰਾਜਪੂਤ ਅਤੇ ਰਾਸ਼ਟਰਵਾਦੀ ਚਿੰਤਕ ਸ਼੍ਰੀ ਅਵਿਨਾਸ਼ ਜਾਇਸਵਾਲ ਸਮੇਤ ਕਈ ਮਾਣਯੋਗ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੀਆਂ। ਇਸ ਮੌਕੇ ਇੰਡਕ ਆਰਟਸ ਵੈਲਫ਼ੇਅਰ ਕੌਂਸਲ ਦੇ ਬੋਰਡ ਆਫ਼ ਡਾਇਰੈਕਟਰ, ਨੈਸ਼ਨਲ ਕੋਰ ਕਮੇਟੀ, ਪੰਜਾਬ ਸਟੇਟ ਐਡਵਾਈਜ਼ਰੀ ਬੋਰਡ ਅਤੇ ਸਮੂਹ ਮੈਂਬਰਾਂ ਨੇ ਰਿਦਮਜੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ ਪੂਰੇ ਪੰਜਾਬ ਅਤੇ ਸਮਾਜ ਸੇਵਾ ਨਾਲ ਜੁੜੇ ਹਰ ਇਨਸਾਨ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਰਿਦਮਜੀਤ ਦੀ ਸੋਚ ਅਤੇ ਸੇਵਾਵਾਂ ਨੌਜਵਾਨ ਪੀੜ੍ਹੀ ਨੂੰ ਮਨੁੱਖਤਾ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਵੱਲ ਪ੍ਰੇਰਿਤ ਕਰ ਰਹੀਆਂ ਹਨ।