ਸਿਵਲ ਹਸਪਤਾਲ ’ਚ ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ
ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ
Publish Date: Wed, 06 May 2026 03:28 PM (IST)
Updated Date: Thu, 07 May 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਹੁਕਮਾਂ ਅਨੁਸਾਰ, ਏਸੀਐੱਸ ਡਾ. ਜਯੋਤੀ ਵੱਲੋਂ ਐੱਸਐੱਮਓ ਡਾ. ਹਰਿੰਦਰ ਸੂਦ ਦੀ ਹਾਜ਼ਰੀ ਵਿਚ ਸਿਵਲ ਹਸਪਤਾਲ ਮੋਗਾ ਦੇ ਐਮਰਜੈਂਸੀ ਵਿਭਾਗ ਦਾ ਵਿਸਥਾਰਪੂਰਵਕ ਨਿਰੀਖਣ ਕੀਤਾ ਗਿਆ। ਇਸ ਮੌਕੇ ਐਮਰਜੈਂਸੀ ਵਿਭਾਗ ਵਿਚ ਡਾ. ਏਕਮਵੀਰ, ਡਾ. ਕੁਲਦੀਪ, ਨਰਸਿੰਗ ਸਿਸਟਰ ਸਿਮਰਜੀਤ ਕੌਰ ਅਤੇ ਰਾਜਵੀਰ ਕੌਰ, ਚੀਫ ਫਾਰਮੇਸੀ ਅਫਸਰ ਸੁਖਪਾਲ ਕੌਰ ਅਤੇ ਸਟੇਨੋ ਅਮਨਦੀਪ ਕੌਰ ਵੀ ਮੌਜੂਦ ਸਨ। ਨਿਰੀਖਣ ਦੌਰਾਨ ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਦਵਾਈਆਂ ਦੀ ਉਪਲਬਧਤਾ ਅਤੇ ਸਟਾਫ਼ ਦੀ ਕਾਰਗੁਜ਼ਾਰੀ ਦਾ ਸੰਪੂਰਨ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਵੱਲੋਂ ਮਰੀਜ਼ਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਤੋਂ ਫੀਡਬੈਕ ਵੀ ਪ੍ਰਾਪਤ ਕੀਤਾ ਗਿਆ, ਜਿਸ ਵਿਚ ਜ਼ਿਆਦਾਤਰ ਮਰੀਜ਼ਾਂ ਨੇ ਸੇਵਾਵਾਂ ਪ੍ਰਤੀ ਸੰਤੁਸ਼ਟੀ ਪ੍ਰਗਟ ਕੀਤੀ। ਹਸਪਤਾਲ ਵਿਚ ਦਵਾਈਆਂ ਦੀ ਉਪਲਬਧਤਾ ਸੰਤੋਸ਼ਜਨਕ ਪਾਈ ਗਈ ਅਤੇ ਸਫ਼ਾਈ ਪ੍ਰਬੰਧ ਵੀ ਕੁੱਲ ਮਿਲਾ ਕੇ ਠੀਕ ਪਾਏ ਗਏ। ਹਾਲਾਂਕਿ ਕੁੱਝ ਥਾਵਾਂ ’ਤੇ ਹੋਰ ਸੁਧਾਰ ਦੀ ਲੋੜ ਦਰਸਾਈ ਗਈ, ਜਿਸ ਲਈ ਸਬੰਧਤ ਸਟਾਫ਼ ਨੂੰ ਤੁਰੰਤ ਧਿਆਨ ਦੇਣ ਲਈ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਉਪਕਰਣਾਂ ਅਤੇ ਸਟੀਰਿਲਾਈਜ਼ੇਸ਼ਨ ਨਾਲ ਸਬੰਧਤ ਰਿਕਾਰਡ ਦੀ ਵੀ ਜਾਂਚ ਕੀਤੀ ਗਈ। ਅਧਿਕਾਰੀਆਂ ਵੱਲੋਂ ਸਟਾਫ਼ ਨੂੰ ਸੇਵਾਵਾਂ ਵਿਚ ਹੋਰ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ। ਏਸੀਐੱਸ ਡਾ. ਜਯੋਤੀ ਨੇ ਕਿਹਾ ਕਿ ਮਰੀਜ਼ਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਪਹਿਲ ਹੈ ਅਤੇ ਜਿੱਥੇ ਵੀ ਕੋਈ ਕਮੀ ਪਾਈ ਜਾਵੇਗੀ, ਉੱਥੇ ਤੁਰੰਤ ਸੁਧਾਰਾਤਮਿਕ ਕਾਰਵਾਈ ਕੀਤੀ ਜਾਵੇਗੀ।