ਸ਼ਹਿਰ ’ਚ ਲੱਗੇ ਕੂੜੇ ਦੇ ਢੇਰਾਂ ਤੋਂ ਮਿਲੇਗੀ ਰਾਹਤ
ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਤੋਂ ਮਿਲੇਗੀ ਰਾਹਤ
Publish Date: Fri, 22 May 2026 04:23 PM (IST)
Updated Date: Sat, 23 May 2026 04:01 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ: ਸਫਾਈ ਕਰਮਚਾਰੀਆਂ ਦੀ 16 ਦਿਨਾਂ ਤੋਂ ਚੱਲ ਰਹੀ ਹੜਤਾਲ ਖ਼ਤਮ ਹੋ ਗਈ ਹੈ। ਸਫਾਈ ਕਰਮਚਾਰੀ ਹੁਣ ਮੁੜ ਕੰਮ ਤੇ ਪਰਤਣਗੇ, ਜਿਸ ਨਾਲ ਲੋਕਾਂ ਨੂੰ ਕੂੜੇ ਦੇ ਢੇਰਾਂ ਅਤੇ ਉਨ੍ਹਾਂ ਤੋਂ ਉੱਠ ਰਹੀ ਬਦਬੂ ਤੋਂ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਪਿਛਲੇ 16 ਦਿਨਾਂ ਤੋਂ ਚੱਲੀ ਆ ਰਹੀ ਹੜਤਾਲ ਕਾਰਨ ਸ਼ਹਿਰ ਦਾ ਬੁਰਾ ਹਾਲ ਹੋ ਗਿਆ ਸੀ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗ ਗਏ ਸਨ। ਹਾਲਾਤ ਇਹ ਬਣ ਗਏ ਸਨ ਕਿ ਕੂੜੇ ਕਾਰਨ ਨਾਲੀਆਂ ਗੰਦ ਨਾਲ ਭਰ ਗਈਆਂ ਸੀ ਅਤੇ ਗੰਦਾ ਪਾਣੀ ਸੜਕਾਂ ਤੇ ਆ ਗਿਆ ਸੀ। ਭਿਆਨਕ ਗਰਮੀ ਵਿੱਚ ਨਾਲੀਆਂ ਦੇ ਗੰਦੇ ਪਾਣੀ ਅਤੇ ਕੂੜੇ ਦੇ ਢੇਰਾਂ ਤੋਂ ਨਿਕਲ ਰਹੀ ਬਦਬੂ ਕਾਰਨ ਸ਼ਹਿਰ ਦੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਸੀ। ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵੱਧਦਾ ਜਾ ਰਿਹਾ ਸੀ। ਚਾਰੋਂ ਪਾਸੇ ਕੂੜੇ ਦੇ ਢੇਰ ਲੋਕਾਂ ਲਈ ਮੁਸੀਬਤ ਬਣੇ ਹੋਏ ਸਨ। ਸ਼ਹਿਰ ਵਿੱਚ ਸ਼ਾਇਦ ਹੀ ਕੋਈ ਅਜਿਹਾ ਚੌਕ ਜਾਂ ਚੌਰਾਹਾ ਬਚਿਆ ਹੋਵੇਗਾ ਜਿੱਥੇ ਗੰਦਗੀ ਦੇ ਢੇਰ ਨਾ ਲੱਗੇ ਹੋਣ। ਇਨ੍ਹਾਂ ਢੇਰਾਂ ਕਾਰਨ ਲੋਕਾਂ ਦਾ ਉੱਥੋਂ ਲੰਘਣਾ ਦੁੱਭਰ ਹੋ ਗਿਆ ਸੀ ਅਤੇ ਲੋਕ ਮੂੰਹ ਤੇ ਕੱਪੜਾ ਰੱਖ ਕੇ ਲੰਘਣ ਲਈ ਮਜਬੂਰ ਸਨ। ਲਗਾਤਾਰ ਕੂੜੇ ਜੇ ਢੇਰਾਂ ਨੂੰ ਲਾਈ ਜਾ ਰਹੀ ਸੀ ਅੱਗ ਜਿਸ ਨਾਲ ਪ੍ਰਦੂਸ਼ਣ ਵੱਧਦਾ ਜਾ ਰਿਹਾ ਸੀ ਜ਼ਿਆਦਾਤਰ ਥਾਵਾਂ ਤੇ ਇਕੱਠੇ ਹੋਏ ਕੂੜੇ ਨੂੰ ਅੱਗ ਲਗਾਈ ਜਾ ਰਹੀ ਸੀ, ਜਿਸ ਨਾਲ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਸੀ। ਨਾਲ ਹੀ, ਕੂੜੇ ਨੂੰ ਅੱਗ ਲਗਾ ਕੇ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ। ਇਸ ਤਰ੍ਹਾਂ ਕੂੜਾ ਸਾੜ ਕੇ ਐਨ.ਜੀ.ਟੀ. (N7“) ਦੇ ਨਿਯਮਾਂ ਦੀਆਂ ਵੀ ਸਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕੂੜੇ ਦੀ ਗੰਦਗੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰੇ ਦੇ ਨਾਲ ਨਾਲ ਕੂੜੇ ਦੇ ਸੜਨ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਵੀ ਲੋਕਾਂ ਲਈ ਵੱਡੀ ਸਮੱਸਿਆ ਬਣ ਰਿਹਾ। ਸਫਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਨਾਲ ਲੋਕਾਂ ਨੂੰ ਉਮੀਦ ਹੈ ਕਿ ਜਲਦੀ ਹੀ ਸ਼ਹਿਰ ਵਿੱਚੋਂ ਕੂੜੇ ਦੇ ਢੇਰ ਸਾਫ਼ ਕੀਤੇ ਜਾਣਗੇ ਅਤੇ ਨਾਲੀਆਂ ਦੀ ਸਫ਼ਾਈ ਹੋਵੇਗੀ। ਲੋਕਾਂ ਦੇ ਘਰਾਂ ਵਿੱਚ ਇਕੱਠਾ ਹੋਇਆ ਕੂੜਾ ਵੀ ਚੁੱਕਿਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ। ਦੂਜੇ ਪਾਸੇ ਦੁਕਾਨਦਾਰ ਦੀਪਕ ਕੁਮਾਰ, ਅਰਵਿੰਦ ਕੁਮਾਰ ਅਤੇ ਸੰਦੀਪ ਬੰਸਲ ਦਾ ਕਹਿਣਾ ਹੈ ਕਿ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਅਤੇ ਨਾਲੀਆਂ ਦੇ ਗੰਦੇ ਪਾਣੀ ਦੇ ਸੜਕਾਂ ਤੇ ਆਉਣ ਕਾਰਨ ਉਨ੍ਹਾਂ ਦੇ ਕਾਰੋਬਾਰ ਤੇ ਵੀ ਕਾਫੀ ਅਸਰ ਪਿਆ ਸੀ। ਉਨ੍ਹਾਂ ਨੂੰ ਉਮੀਦ ਹੈ ਕਿ ਹੜਤਾਲ ਖ਼ਤਮ ਹੋਣ ਨਾਲ ਸ਼ਹਿਰ ਵਿੱਚ ਜਲਦੀ ਹੀ ਸਫਾਈ ਵਿਵਸਥਾ ਬਹਾਲ ਹੋ ਜਾਵੇਗੀ ਅਤੇ ਉਨ੍ਹਾਂ ਦਾ ਕਾਰੋਬਾਰ ਮੁੜ ਰਫ਼ਤਾਰ ਫੜੇਗਾ।