ਭਾਜਪਾ 'ਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਵਿਰੁੱਧ ਮੁ਼ਜ਼ਾਹਰਾ
ਆਮ ਆਦਮੀ ਪਾਰਟੀ ਦੇ ਰਾਜ
Publish Date: Tue, 28 Apr 2026 05:59 PM (IST)
Updated Date: Wed, 29 Apr 2026 04:08 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਵੱਲੋਂ ਪਾਲਾ ਬਦਲ ਕੇ ਭਾਜਪਾ ਚ ਸ਼ਾਮਲ ਹੋਣ ਦਾ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ਪੂਰੇ ਹਲਕੇ ’ਚੋਂ ਪਹੁੰਚੇ ਆਗੂਆਂ ਅਤੇ ਵਰਕਰਾਂ ਨੇ ਦਲ ਬਦਲੂਆਂ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਆਪਣੇ ਹੱਥਾਂ ਵਿਚ ਮਾਟੋ ਲਿਖੇ ਪੇਪਰ ਫੜੇ ਹੋਏ ਸਨ ਜਿਨ੍ਹਾਂ ਉਪਰ ਦਲ ਬਦਲੂਆਂ ਲਈ ਪੰਜਾਬ ਦੇ ਗਦਾਰ ਅਤੇ ਪੰਜਾਬੀਆਂ ਨਾਲ ਧੋਖਾ ਕਰਨ ਵਰਗੇ ਤਿੱਖੇ ਨਾਅਰੇ ਲਿਖੇ ਹੋਏ ਸਨ। ਇਸ ਸਮੇਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਸੱਚੇ ਸੁੱਚੇ ਨੇਤਾਵਾਂ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਲੋਕ ਫੱਤਵੇ ਦਾ ਸਤਿਕਾਰ ਕਰਨ। ਜ਼ਮਹੂਰੀਅਤ ਅੰਦਰ ਲੋਕ ਸ਼ਕਤੀ ਹੀ ਤਾਕਤਵਰ ਹੁੰਦੀ ਹੈ। ਪਰ ਜਿਹੜੇ ਆਗੂ ਲੋਕ ਹਿੱਤਾਂ ਨਾਲ ਧੋਖਾ ਕਰਕੇ ਆਪਣੇ ਨਿੱਜੀ ਮੁਫ਼ਾਦਾਂ ਲਈ ਪਾਲਾ ਬਦਲਦੇ ਹਨ ਉਹ ਆਪਣਾ ਸਿਆਸੀ ਜੀਵਨ ਤਬਾਹ ਕਰ ਲੈਂਦੇ ਹਨ। ਇਹੋ ਕਾਰਨ ਹੈ ਕਿ ਹਰ ਪੰਜਾਬੀ ਇਨ੍ਹਾਂ ਨੂੰ ਗ਼ੱਦਾਰ ਅਤੇ ਧੋਖੇਬਾਜ਼ ਵਰਗੇ ਲਕਬਾਂ ਨਾਲ ਸੰਬੋਧਨ ਕਰ ਰਿਹਾ ਹੈ। ਪੰਜਾਬੀ ਅਜਿਹੇ ਮੌਕਾਪ੍ਰਸਤਾਂ ਨੂੰ ਮੂੰਹ ਨਹੀਂ ਲਗਾਉਣਗੇ। ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿੱਤਾਂ ਨੂੰ ਪ੍ਰਣਾਈ ਹੋਈ ਪਾਰਟੀ ਹੈ। ਅਸੀਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਮਸਲੇ ਹੱਲ ਕਰਨ ਲਈ ਪ੍ਰਤੀਬੱਧ ਹਾਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ, ਗੁਰਮੇਲ ਸਿੰਘ ਮੱਦੋਕੇ ਚੇਅਰਮੈਨ ਮਾਰਕੀਟ ਕਮੇਟੀ ਅਜੀਤਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਕਿਲੀ ਚਾਹਲਾਂ, ਜਸਦੀਪ ਸਿੰਘ ਗੈਰੀ ਸਰਪੰਚ ਢੁੱਡੀਕੇ, ਸੰਗਠਨ ਇੰਚਾਰਜ ਦਵਿੰਦਰ ਸਿੰਘ ਤਖ਼ਤੂਪੁਰਾ, ਬਲਾਕ ਸੰਮਤੀ ਮੈਂਬਰ ਜੱਸੀ ਰਾਮੂੰਵਾਲਾ, ਗੁਰਵਿੰਦਰ ਸਿੰਘ ਸਰਪੰਚ ਰਾਮੂੰਵਾਲਾ, ਹਰਜੀਤ ਸਿੰਘ ਸਰਪੰਚ ਮੀਨੀਆਂ, ਅੰਮ੍ਰਿਤਪਾਲ ਸਿੰਘ ਖ਼ਾਲਸਾ, ਸੁਖਦੀਪ ਸਿੰਘ ਸਰਪੰਚ ਭਾਗੀਕੇ, ਜਸਵੰਤ ਸਿੰਘ ਮਧੇਕੇ, ਬੀਰਾ ਸਿੰਘ ਮਧੇਕੇ, ਸਤਪਾਲ ਸਿੰਘ ਭੋਲਾ, ਜਗਤਾਰ ਸਿੰਘ ਸਰਪੰਚ ਬੁੱਟਰ, ਅਮਰੀਕ ਸਿੰਘ ਲੋਪੋਂ, ਗੋਰਾ ਸਿੰਘ ਲੋਪੋਂ, ਬਲਜਿੰਦਰ ਸਿੰਘ ਲੋਪੋਂ, ਬਰਿੰਦਰ ਸਿੰਘ ਬਿਲਾਸਪੁਰ, ਬਲਾਕ ਪ੍ਰਧਾਨ ਜਸਵਿੰਦਰ ਕੁਮਾਰ ਟੀਨੂੰ, ਜਗਸੀਰ ਸਿੰਘ ਸੀਰਾ ਯੂਥ ਪ੍ਰਧਾਨ, ਹਰਜੀਤ ਸਿੰਘ ਲੋਪੋਂ, ਰਣਜੀਤ ਸਿੰਘ ਲੋਪੋਂ ਸਮੇਤ ਵੱਡੀ ਗਿਣਤੀ ਵਿੱਚ ਵਲੰਟੀਅਰ ਮੌਜ਼ੂਦ ਸਨ।