ਪਾਰਟੀ ਨਾਲ ਗਦਾਰੀ ਕਰਨ ਵਾਲਿਆਂ ਖਿਲਾਫ ਫਰੀਦਕੋਟ ਜਿਲ੍ਹੇ ’ਚ ਪੁਤਲਾ ਫੂਕ ਕੇ ਪ੍ਰਦਰਸ਼ਨ

ਪਾਰਟੀ ਨਾਲ ਹੀ ਨਹੀਂ, ਪੰਜਾਬ ਦੇ ਲੋਕਾਂ ਨਾਲ ਵੀ ਕੀਤਾ ਧੋਖਾ : ਸੇਖੋਂ
ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਪੰਜਾਬੀਆਂ ਨੇ ਪੰਜਾਬ ’ਤੇ ਮਾੜੀ ਅੱਖ ਰੱਖਣ ਵਾਲਿਆ ਨੂੰ ਹਮੇਸ਼ਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਕੁਰਸੀ ਲਈ ਪੰਜਾਬ ਨਾਲ ਗਦਾਰੀ ਕਰਨ ਵਾਲਿਆ ਨੂੰ ਖ਼ਰੀਦ ਕੇ ਜੇ ਭਾਜਪਾ ਸਮਝਦੀ ਹੈ ਕਿ ਉਹ ਪੰਜਾਬ ‘ਤੇ ਕਬਜ਼ਾ ਕਰ ਲਵੇਗੀ ਤਾਂ ਇਹ ਭਾਜਪਾ ਦਾ ਬਹੁਤ ਵੱਡਾ ਵਹਿਮ ਹੈ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਚੁਣੇ ਗਏ ਰਾਜ ਸਭਾ ਮੈਂਬਰਾਂ ਵੱਲੋ ਪੰਜਾਬ ਨਾਲ ਕੀਤੇ ਵਿਸ਼ਵਾਸ਼ਘਾਤ ਕਾਰਨ ਰਾਜ ਸਭਾ ਮੈਂਬਰਾਂ ਦਾ ਕੋਟਕਪੂਰਾ ਵਿਖੇ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਜੋ ਐਮਪੀ ਪਾਰਟੀ ਛੱਡ ਕੇ ਵਿਰੋਧੀ ਧਿਰ ਨਾਲ ਮਿਲ ਗਏ ਹਨ ਉਹ ਲੋਕਤੰਤਰ ਦੇ ਕਾਤਿਲ ਹਨ। ਇਸ ਤੋਂ ਇਲਾਵਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਘੰਟਾ ਘਰ ਚੌਂਕ ਫਰੀਦਕੋਟ ਵਿਖੇ ਵੀ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਵੱਲੋਂ ਬਹੁਤ ਵਿਸ਼ਵਾਸ ਕਰਕੇ ਆਮ ਆਦਮੀ ਪਾਰਟੀ ਦੀ ਚੋਣ ਕੀਤੀ ਗਈ ਸੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਚੁਣੇ ਗਏ ਇਨ੍ਹਾਂ ਨੁਮਾਇੰਦਿਆਂ ਨੂੰ ਪੰਜਾਬ ਦੀ ਨੁਮਾਇੰਦਗੀ ਲਈ ਰਾਜਸਭਾ ਵਿੱਚ ਭੇਜਿਆ ਗਿਆ ਸੀ ਪਰੰਤੂ ਇਹ ਵਿਰੋਧੀ ਪਾਰਟੀ ਨਾਲ ਜਾ ਰਲੇ ਹਨ ਜਿਸ ਨਾਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਇਕੱਲਾ ਆਮ ਆਦਮੀ ਪਾਰਟੀ ਨਾਲ ਨਹੀਂ ਸਗੋਂ ਪੰਜਾਬ ਦੇ ਲੋਕਾਂ ਨਾਲ ਵੀ ਗਦਾਰੀ ਕੀਤੀ ਹੈ। ਇਸੇ ਹੀ ਤਰ੍ਹਾਂ ਜਿਲ੍ਹਾ ਪ੍ਰੀਸ਼ਦ ਗੁਰਸ਼ਰਨ ਸਿੰਘ ਬਰਾੜ ਵੱਲੋਂ ਭਾਈ ਘਨੱਈਆਂ ਚੌਕ ਵਿਖੇ ਆਪਣੇ ਸਾਥੀਆਂ ਸਮੇਤ ਪੰਜਾਬ ਨਾਲ ਗਦਾਰੀ ਕਰਨ ਵਾਲੇ ਰਾਜ ਸਭਾ ਮੈਂਬਰਾਂ ਦਾ ਪੁਤਲਾ ਫੂਕ ਕੇ ਨਾਅਰੇਬਾਜੀ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਲੋਕ ਗਦਾਰੀ ਕਰਨ ਵਾਲਿਆਂ ਨੂੰ ਕਦੇ ਵੀ ਮੁਆਫ ਨਹੀ ਕਰਨਗੇ ਅਤੇ 2027 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੋਟ ਅਤੇ ਮਾਣ ਸਤਿਕਾਰ ਦੇ ਕੇ ਇਨ੍ਹਾਂ ਨੂੰ ਇਸ ਅਹੁਦੇ ਤੱਕ ਪਹੁੰਚਾਇਆ ਸੀ ਪ੍ਰੰਤੂ ਇਨ੍ਹਾਂ ਨੇ ਲੋਕਾਂ ਦਾ ਹਿੱਤ ਨਾ ਸੋਚ ਕੇ ਆਪਣਾ ਹਿੱਤ ਸੋਚਿਆ ਹੈ ਇਸ ਲਈ ਇਹ ਪੰਜਾਬ ਦੇ ਗੱਦਾਰ ਹਨ। ਇਸੇ ਤਰ੍ਹਾਂ ਚੇਅਰਮੈਨ ਮਾਰਕੀਟ ਕਮੇਟੀ ਲਛਮਣ ਸਿੰਘ ਭਗਤੂਆਣਾ, ਚੇਅਰਮੈਨ ਗੋਬਿੰਦਰ ਸਿੰਘ ਆਹਲੂਵਾਲੀਆ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੀ ਜੈਤੋ ਵਿਖੇ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵਿਸ਼ਵਾਸ ਘਾਤ ਕਰਕੇ ਇਹ ਐਮਪੀ ਵਿਰੋਧੀ ਧਿਰ ਵਿੱਚ ਸ਼ਾਮਿਲ ਹੋਏ ਹਨ ਜਿਸ ਕਰਕੇ ਪਾਰਟੀ ਦੇ ਨਾਲ ਨਾਲ ਲੋਕਾਂ ਵਿੱਚ ਵੀ ਇਹਨਾਂ ਪ੍ਰਤੀ ਰੋਸ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ, ਪੰਚ/ਸਰਪੰਚ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।