ਸਿਲਵਰ ਓਕਸ ਸਕੂਲ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਮਿਲਿਆ ਐਵਾਰਡ
ਸਿਲਵਰ ਓਕਸ ਸਕੂਲ ਸੇਵੇਵਾਲਾ ਦੀ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ‘ਅਕਾਲ ਐਜੂਕੇਸ਼ਨ ਐਵਾਰਡ 2026’ ਪ੍ਰਾਪਤ ਕੀਤਾ
Publish Date: Mon, 11 May 2026 03:50 PM (IST)
Updated Date: Tue, 12 May 2026 04:00 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਆਯੋਜਿਤ ‘ਅਕਾਲ ਐਜੂਕੇਸ਼ਨ ਐਵਾਰਡ 2026’ ਸਮਾਗਮ ਦੌਰਾਨ ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਦੀ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਿਦਿਅਕ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਅਤੇ ਬਿਹਤਰੀਨ ਕਾਰਗੁਜ਼ਾਰੀ ਲਈ ਵਿਸ਼ੇਸ਼ ਸਨਮਾਨਾਂ ਨਾਲ ਨਿਵਾਜਿਆ ਗਿਆ। ਸਮਾਗਮ ਵਿਚ ਸਿੱਖਿਆ ਖੇਤਰ ’ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੈ.) ਬਠਿੰਡਾ ਮਮਤਾ ਖੁਰਾਣਾ ਅਤੇ ਅਕਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਆਪਣੇ ਕਰ-ਕਮਲਾਂ ਨਾਲ ਇਹ ਐਵਾਰਡ ਪ੍ਰਦਾਨ ਕੀਤੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੂੰ ਸਕੂਲ ਦੇ ਕੁਸ਼ਲ ਪ੍ਰਬੰਧਨ, ਅਗਵਾਈ ਅਤੇ ਸਿੱਖਿਆ ਪ੍ਰਤੀ ਸਮਰਪਣ ਲਈ ‘ਐਕਸੀਲੈਂਟ ਲੀਡਰਸ਼ਿਪ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸਕੂਲ ਕੋਆਰਡੀਨੇਟਰ ਸ੍ਰੀਮਤੀ ਰਮਨਪ੍ਰੀਤ ਕੌਰ ਨੂੰ ਵਿਦਿਅਕ ਖੇਤਰ ਵਿਚ ਉੱਚ ਮਿਆਰ ਸਥਾਪਿਤ ਕਰਨ ਲਈ ‘ਅਕੈਡਮਿਕ ਐਕਸੀਲੈਂਸ ਐਵਾਰਡ’ ਪ੍ਰਦਾਨ ਕੀਤਾ ਗਿਆ। ਉੱਥੇ ਹੀ ਸਕੂਲ ਦੇ ਆਈ.ਟੀ. ਕੋਆਰਡੀਨੇਟਰ ਮਿਸਟਰ ਈਸ਼ਰਦੀਪ ਸਿੰਘ ਨੂੰ ਡਿਜੀਟਲ ਸਿੱਖਿਆ ਅਤੇ ਤਕਨੀਕੀ ਮੁਹਾਰਤ ਰਾਹੀਂ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਦੇਣ ਲਈ ‘ਡਿਜੀਟਲ ਐਜੂਕੇਟਰ ਐਵਾਰਡ’ ਨਾਲ ਨਿਵਾਜਿਆ ਗਿਆ। ਇਸ ਉਪਲਬਧੀ ’ਤੇ ਸਕੂਲ ਮੈਨੇਜਮੈਂਟ, ਸਟਾਫ਼ ਅਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਕਿਹਾ ਕਿ ਇਹ ਸਨਮਾਨ ਪੂਰੇ ਸਕੂਲ ਸਟਾਫ਼ ਦੀ ਮਿਹਨਤ, ਲਗਨ ਅਤੇ ਟੀਮ ਵਰਕ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਦੇ ਹੋਏ ਸਿੱਖਿਆ ਖੇਤਰ ਵਿਚ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਯਤਨਸ਼ੀਲ ਰਹੇਗਾ।