ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ
ਲੋਕਲ ਗੁਰਪੁਰਬ ਕਮੇਟੀ ਮੋਗਾ ਵੱਲੋਂ ਸ
Publish Date: Tue, 03 Mar 2026 03:42 PM (IST)
Updated Date: Wed, 04 Mar 2026 03:59 AM (IST)

ਵਕੀਲ ਮਹਿਰੋਂ, ਪੰਜਾਬੀ ਜਗਾਰਣ ਮੋਗਾ: ਲੋਕਲ ਗੁਰਪੁਰਬ ਕਮੇਟੀ ਮੋਗਾ ਵੱਲੋਂ ਸਰਬੰਸਦਾਨੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਪ੍ਰਕਾਸ਼ ਪੁਰਬ ਅਤੇ ਨਾਨਕਸ਼ਾਹੀ ਸੰਮਤ 558ਵੇਂ ਨਵੇਂ ਸਾਲ ਨੂੰ ਸਮਰਪਿਤ ਕਰਵਾਏ ਜਾ ਰਹੇ ਮਹਾਨ ਨਗਰ ਕੀਰਤਨ ਅਤੇ ਕੀਰਤਨ ਦਰਬਾਰ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਸਮੂਹ ਮੈਂਬਰਾਂ ਦੀ ਵਿਸ਼ਾਲ ਇਕੱਤਰਤਾ ਗੁਰਦੁਆਰਾ ਬੀਬੀ ਕਾਹਨ ਕੌਰ, ਮੇਨ ਬਾਜ਼ਾਰ ਮੋਗਾ ਵਿਖੇ ਕੀਤੀ ਗਈ। ਇਹ ਇਕੱਤਰਤਾ ਬਲਜੀਤ ਸਿੰਘ ਵਿੱਕੀ ਮੁੱਖ ਸੇਵਾਦਾਰ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਕੱਤਰਤਾ ਦੌਰਾਨ ਬਲਦੇਵ ਸਿੰਘ ਛਾਬੜਾ ਵੱਲੋਂ ਮਹਾਨ ਕੀਰਤਨ ਦਰਬਾਰ ਦੀ ਸਫ਼ਲਤਾ ਲਈ ਵੱਖ ਵੱਖ ਸੇਵਾਵਾਂ ਅਤੇ ਡਿਊਟੀਆਂ ਦੀ ਵੰਡ ਕੀਤੀ ਗਈ। ਇਸ ਮੌਕੇ ਸਮਾਗਮ ਸਬੰਧੀ ਸੱਦਾ ਪੱਤਰ ਵੀ ਜਾਰੀ ਕੀਤਾ ਗਿਆ ਅਤੇ ਸ਼ਹਿਰ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਸ਼ਮੂਲੀਅਤ ਲਈ ਅਪੀਲ ਕੀਤੀ ਗਈ। ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਸਹਿਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਹਾਨ ਕੀਰਤਨ ਦਰਬਾਰ ਟਰੱਸਟ ਗੁਰਦੁਆਰਾ ਬੀਬੀ ਕਾਹਨ ਕੌਰ ਅਤੇ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਇਸਤਰੀ ਸਤਿਸੰਗ ਸਭਾਵਾਂ ਦੇ ਨਿੱਘੇ ਸਹਿਯੋਗ ਨਾਲ ਮਿਤੀ 6 ਮਾਰਚ 2026 ਦਿਨ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਕਰਵਾਇਆ ਜਾਵੇਗਾ। ਸਮਾਗਮ ਦੀ ਸ਼ੁਰੂਆਤ ਇਸਤਰੀ ਸਤਿਸੰਗ ਸਭਾ ਦੇ ਕੀਰਤਨੀ ਜੱਥੇ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਜਾਵੇਗੀ। ਇਸ ਉਪਰੰਤ ਭਾਈ ਹਰਵਿੰਦਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਹਜ਼ੂਰੀ ਰਾਗੀ ਜੱਥਾ ਆਪਣੀ ਮਨਮੋਹਕ ਕੀਰਤਨ ਸੇਵਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਲਖਵਿੰਦਰ ਸਿੰਘ ਅਤੇ ਭਾਈ ਗੁਰਦੇਵ ਸਿੰਘ ਕੋਹਾੜਕਾ, ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਹਨ, ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ। ਕਮੇਟੀ ਵੱਲੋਂ ਉਮੀਦ ਜਤਾਈ ਗਈ ਕਿ ਸ਼ਹਿਰ ਦੀ ਸੰਗਤ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਵਿਚ ਸ਼ਿਰਕਤ ਕਰੇਗੀ। ਇਸ ਮੌਕੇ ਹੋਈ ਇਕੱਤਰਤਾ ਵਿਚ ਬਲਜੀਤ ਸਿੰਘ ਵਿੱਕੀ ਮੁੱਖ ਸੇਵਾਦਾਰ, ਗੁਰਮੇਜਰ ਸਿੰਘ, ਅਵਤਾਰ ਸਿੰਘ ਵਹਿਣੀਵਾਲ, ਬਲਦੇਵ ਸਿੰਘ ਛਾਬੜਾ, ਸਤਨਾਮ ਸਿੰਘ ਬੀਏ, ਬਲਜਿੰਦਰ ਸਿੰਘ ਸਹਿਗਲ, ਡਾ. ਇਕਬਾਲ ਸਿੰਘ ਜੌਹਲ, ਅਮਰੀਕ ਸਿੰਘ ਬਾਰਦਾਨੇ ਵਾਲੇ, ਸਵਰਨ ਸਿੰਘ ਕੋਕਰੀ, ਹਰਵਿੰਦਰ ਸਿੰਘ ਮਘੇੜਾ, ਦਰਸ਼ਨ ਸਿੰਘ ਅਰੋੜਾ, ਭਾਈ ਚਰਨ ਸਿੰਘ ਹੈੱਡ ਗ੍ਰੰਥੀ, ਸਿਮਰਨ ਸਿੰਘ, ਗੁਰਵਿੰਦਰ ਸਿੰਘ ਟੱਕਰ, ਪੂਰਨ ਭਗਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਹਾਜ਼ਰ ਰਹੇ। ਲੋਕਲ ਗੁਰਪੁਰਬ ਕਮੇਟੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪਰਿਵਾਰ ਸਮੇਤ ਸਮਾਗਮ ਵਿਚ ਸ਼ਿਰਕਤ ਕਰਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਣ ਅਤੇ ਗੁਰੂ ਸਾਹਿਬਾਨ ਦੀਆਂ ਬਖ਼ਸ਼ਿਸ਼ਾਂ ਦੇ ਭਾਗੀ ਬਣੋ।