ਪਾਵਰਕਾਮ ਠੇਕਾ ਕਾਮਿਆਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ
ਪਾਵਰਕਾਮ ਠੇਕਾ ਕਾਮਿਆਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ
Publish Date: Thu, 30 Apr 2026 06:37 PM (IST)
Updated Date: Thu, 30 Apr 2026 06:40 PM (IST)

- ਅੱਜ ਤੋਂ ਮੁਕੰਮਲ ਹੜਤਾਲ ’ਤੇ ਜਾਣ ਦਾ ਫ਼ੈਸਲਾ ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਪੰਜਾਬ ਦੇ ਵੱਲੋਂ ਆਊਟ ਸੋਰਸਡ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ’ਚ ਸ਼ਾਮਲ ਕਰਨ, ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਲਾਗੂ ਕਰਨ, ਬਿਜਲੀ ਦਾ ਕਰੰਟ ਲੱਗਣ ਕਾਰਨ ਝੁਲਸ ਗਏ ਕਾਮਿਆਂ ਤੇ ਮੌਤ ਦੇ ਮੂੰਹ ਪਏ ਕਾਮਿਆਂ ਦੇ ਵਾਰਸਾਂ ਨੂੰ ਪੱਕੀ ਨੌਕਰੀ ਪੱਕੀ ਪੈਨਸ਼ਨ ਦੀ ਗਰੰਟੀ ਕਰਨ ਤੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਸਰਕਲ ਪ੍ਰਧਾਨ ਕੇਸਰ ਸਿੰਘ, ਸਰਕਲ ਸਕੱਤਰ ਮਨਜਿੰਦਰ ਸਿੰਘ, ਕੈਸ਼ੀਅਰ ਸੁਖਰਾਜ ਸਿੰਘ, ਡਵੀਜ਼ਨ ਪ੍ਰਧਾਨ ਬਲਰਾਜ ਸਿੰਘ, ਕੈਸ਼ੀਅਰ ਗੁਰਵਿੰਦਰ ਸਿੰਘ ਤੇ ਜਰਨਲ ਸਕੱਤਰ ਮੇਜਰ ਸਿੰਘ ਨੇ ਦੱਸਿਆ ਪਿਛਲੇ ਦਿਨੀਂ 16 ਦਿਨ ਲਗਾਤਾਰ ਹੜਤਾਲ ਕਰਕੇ ਬਿਜਲੀ ਮੰਤਰੀ ਸਮੇਤ ਅਮਨ ਅਰੋੜਾ ਤੇ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਬਿਜਲੀ ਮੰਤਰੀ ਨਾਲ ਬੈਠਕ ਹੋਈ ਜਿਸ ’ਚ 30 ਅਪ੍ਰੈਲ 2026 ਨੂੰ ਮੀਟਿੰਗ ਕਰਕੇ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ। ਜਦਕਿ ਆਪਣੇ 16 ਦਿਨ ਦਾ ਧਰਨਾ ਜਥੇਬੰਦੀ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਬੀਤੇ ਪੰਜਾਬ ਸਰਕਾਰ ਵੱਲੋਂ 30 ਅਪ੍ਰੈਲ 2026 ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਤੇ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਬਿਜਲੀ ਸਪਲਾਈ ਨੂੰ ਬਹਾਲ ਰੱਖਦਿਆਂ ਲਗਾਤਾਰ ਬਿਜਲੀ ਦੀ ਲਪੇਟ ’ਚ ਆ ਕੇ ਕਾਮਿਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਤੇ ਕਈ ਕਾਮੇ ਅਪੰਗ ਹੋ ਰਹੇ ਹਨ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤੇ ਸਮੂਹ ਆਊਟ ਸੋਰਸਡ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ’ਚ ਸ਼ਾਮਲ ਕੀਤਾ ਜਾਵੇ, ਘੱਟੋ ਘੱਟ ਗੁਜ਼ਾਰੇ ਜੋਗ ਤਨਖਾਹ ਲਾਗੂ ਕੀਤੀ ਜਾਵੇ, ਹਾਦਸਾ ਪੀੜਤ ਪੱਕੀ ਨੌਕਰੀ ਪੱਕੀ ਪੈਨਸ਼ਨ ਦੀ ਗਰੰਟੀ ਕੀਤੀ ਜਾਵੇ, ਠੇਕੇਦਾਰੀ ਸਿਸਟਮ ਦਾ ਦਾਖਲਾ ਬਿਜਲੀ ਖੇਤਰ ’ਚੋਂ ਬੰਦ ਕੀਤਾ ਜਾਵੇ। ਜਥੇਬੰਦੀ ਵੱਲੋਂ ਅੱਜ ਮੁਕੰਮਲ ਹੜਤਾਲ ਸ਼ੁਰੂ ਕਰ ਕੇ ਵਿੱਤ ਮੰਤਰੀ ਸਮੇਤ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ਤੇ ਉਦੋਂ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਜਦੋਂ ਤੱਕ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ। ਅੱਜ 1 ਮਈ 2026 ਨੂੰ ਮਈ ਦਿਵਸ ਮੌਕੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ।