ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੇ ਲੋਕਾਂ ਦੀ ਆਰਥਿਕਤਾ ਤੇ ਸਿਹਤ ਦਾ ਕੀਤਾ ਘਾਣ : ਸਿਧਾਣਾ, ਮਾਨ
ਕਾਲੇ ਪਾਣੀ ਦਾ ਮੋਰਚਾ ਚਲਾ
Publish Date: Sat, 10 Aug 2024 06:20 PM (IST)
Updated Date: Sat, 10 Aug 2024 06:21 PM (IST)
ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੇ ਲੋਕਾਂ ਦੀ ਆਰਥਿਕਤਾ ਤੇ ਸਿਹਤ ਦਾ ਕੀਤਾ ਘਾਣ : ਸਿਧਾਣਾ, ਮਾਨ
-ਪੰਜਾਬ ਭਰ ਦੇ ਲੋਕ ਕਾਲੇ ਪਾਣੀ ਤੋਂ ਆਜ਼ਾਦੀ ਲਈ ਹੋਣ ਲੱਗੇ ਲਾਮਬੰਦ : ਜਸਕੀਰਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਕਾਲੇ ਪਾਣੀ ਦਾ ਮੋਰਚਾ ਚਲਾ ਰਹੀਆਂ ਸੰਸਥਾਵਾਂ ਨਰੋਆ ਪੰਜਾਬ ਮੰਚ, ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ, ਪੰਜਾਬ ਵਾਤਾਵਰਨ ਚੇਤਨਾ ਲਹਿਰ, ਮਸ਼ਹੂਰ ਫਿਲਮ ਡਾਇਰੈਕਟਰ ਅਮਿਤੋਜ ਮਾਨ ਅਤੇ ਸਮਾਜ ਸੁਧਾਰਕ ਲੱਖਾ ਸਿੰਘ ਸਿਧਾਣਾ ਵੱਲੋਂ ਬੁੱਢੇ ਦਰਿਆ ਦੇ ਕਾਲੇ ਪਾਣੀ ਨੂੰ ਸਤਲੁਜ ’ਚ ਪੈਣ ਤੋਂ ਰੋਕਣ ਲਈ ਹੋ ਰਹੇ 24 ਅਗਸਤ ਦੇ ਮਾਰਚ ਬਾਰੇ ਗੱਲਬਾਤ ਸਾਂਝੀ ਕੀਤੀ ਗਈ। ਨਰੋਆ ਪੰਜਾਬ ਮੰਚ ਅਤੇ ਪੀਏਸੀ ਮੱਤੇਵਾੜਾ ਦੇ ਇੰਜੀ. ਜਸਕੀਰਤ ਸਿੰਘ ਲੁਧਿਆਣਾ ਨੇ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਬੁੱਢੇ ਦਰਿਆ ’ਚੋਂ ਜ਼ਹਿਰੀਲਾ ਕਾਲਾ ਪਾਣੀ ਸਤਲੁਜ ’ਚ ਪੈਣ ਕਰ ਕੇ ਦੱਖਣੀ ਪੰਜਾਬ ਅਤੇ ਰਾਜਸਥਾਨ ਤਕ ਬਹੁਤ ਵੱਡੇ ਪੱਧਰ ’ਤੇ ਸਿਹਤ ਅਤੇ ਆਰਥਿਕਤਾ ਦਾ ਘਾਣ ਹੋਇਆ ਹੈ, ਜਿਸ ਨੂੰ ਪੰਜਾਬ ਦੀ ਇਕ ਨਸਲਕੁਸ਼ੀ ਵੀ ਕਿਹਾ ਜਾ ਸਕਦਾ ਹੈ ਅਤੇ ਹੁਣ ਇਸ ਨੂੰ ਰੋਕਣ ਦਾ ਸਮਾਂ ਆ ਗਿਆ ਹੈ ਅਤੇ ਵੱਡੇ ਪੱਧਰ ’ਤੇ ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਹੋਰ ਬਹੁਤ ਸਾਰੇ ਸੁਹਿਰਦ ਲੋਕ ਇਸ ਮੁਹਿੰਮ ਦਾ ਸਾਥ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਲੇ ਪਾਣੀ ਤੋਂ ਆਜ਼ਾਦੀ ਮਾਰਚ ਵੇਰਕਾ ਮਿਲਕ ਪਲਾਂਟ ਤੋਂ ਸ਼ੁਰੂ ਹੋ ਕੇ ਦੇਸ਼ ਦੀ ਆਜ਼ਾਦੀ ਦੇ ਨਾਇਕ ਕਰਤਾਰ ਸਿੰਘ ਸਰਾਭਾ ਦੇ ਬੁੱਤ ਭਾਈ ਬਾਲਾ ਚੌਕ ਤਕ ਹੋਵੇਗਾ। ਅਮਿਤੋਜ ਮਾਨ ਨੇ ਕਿਹਾ ਕਿ ਇਸ ਮੁਹਿੰਮ ਨੂੰ ਪੰਜਾਬ ਦੇ ਲੋਕਾਂ ਵੱਲੋਂ ਬਹੁਤ ਵੱਡੇ ਪੱਧਰ ’ਤੇ ਹੁੰਗਾਰਾ ਮਿਲਦਾ ਵੇਖ ਸਰਕਾਰ ਬੌਖਲਾਹਟ ਵਿਚ ਲੱਖਾ ਸਿਧਾਣਾ ’ਤੇ ਪਰਚਾ ਦਰਜ ਕਰਨ ਬਾਰੇ ਵਿਚਾਰ ਕਰ ਰਹੀ ਹੈ, ਕਿਉਂਕਿ ਉਹ ਇਸ ਮੁਹਿੰਮ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ। ਪੀਏਸੀ ਮੱਤੇਵਾੜਾ ਦੇ ਕਪਿਲ ਅਰੋੜਾ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟਿ੍ਰਬਿਊਨਲ (ਐੱਨਜੀਟੀ) ਵੱਲੋਂ ਬੁੱਢੇ ਦਰਿਆ ਦੇ ਇਸ ਪ੍ਰਦੂਸ਼ਣ ਦੇ ਮਸਲੇ ਦਾ ‘ਸੂਓ ਮੋਟੋ ਸੰਗਿਆਨ’ ਲਿਆ ਗਿਆ ਹੈ ਅਤੇ 54 ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਡਾਇੰਗ ਦਾ ਮਸਲਾ 14 ਅਗਸਤ ਨੂੰ ਐੱਨਜੀਟੀ ਦੇ ਪ੍ਰਿੰਸੀਪਲ ਬੈਂਚ ਵੱਲੋਂ ਸੁਣਿਆ ਜਾਵੇਗਾ। ਇਸ ਮੌਕੇ ਡਾ. ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਦੱਖਣੀ ਪੰਜਾਬ ਅਤੇ ਰਾਜਸਥਾਨ ਦੇ ਲੋਕ ਵੱਡੇ ਪੱਧਰ ’ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਹੁਣ ਉਹ ਉੱਠ ਕੇ 24 ਅਗਸਤ ਨੂੰ ਇਸ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਬਹੁਤ ਵੱਡੇ ਪੱਧਰ ’ਤੇ ਪਹੁੰਚ ਰਹੇ ਹਨ। ਲੱਖਾ ਸਿਧਾਣਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਇਸ ਸਰਬੱਤ ਦੇ ਭਲੇ ਦੇ ਮਸਲੇ ’ਤੇ ਸਭ ਘਰੋਂ ਨਿਕਲਣ ਅਤੇ ਇਸ ਮੁਹਿੰਮ ਦਾ ਸਾਥ ਦੇਣ, ਕਿਉਂਕਿ ਪਾਣੀ ਤਾਂ ਹਰ ਇਕ ਨੇ ਹੀ ਪੀਣਾ ਹੈ ਅਤੇ ਵਾਤਾਵਰਨ ਦੀ ਤਾਂ ਸਭ ਨੂੰ ਬਹੁਤ ਲੋੜ ਹੈ ਅਤੇ ਜੇ ਗੂੰਗੀਆਂ ਬੋਲੀਆਂ ਸਰਕਾਰਾਂ ਫ਼ਿਰ ਵੀ ਨਹੀਂ ਸੁਣਦੀਆਂ ਤਾਂ ਸਾਰੇ ਪੰਜਾਬ ਨੂੰ ਇਕੱਠੇ ਹੋ ਕੇ ਇਸ ਕਾਲੇ ਪਾਣੀ ਨੂੰ ਬੰਨ ਮਾਰਨ ਵਿਚ ਗੁਰੇਜ਼ ਨਹੀਂ ਕਰਨਾ ਚਾਹੀਦਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪੀਏਸੀ ਦੇ ਕੁਲਦੀਪ ਸਿੰਘ ਖਹਿਰਾ ਅਤੇ ਨਰੋਆ ਪੰਜਾਬ ਮੰਚ ਦੇ ਦਲੇਰ ਸਿੰਘ ਡੋਡ ਆਦਿ ਹਾਜ਼ਰ ਸਨ।